ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਡਾ ਨੇ ਮਨੀ ਮਹੇਸ਼ ਸ਼ਰਮਾ ਵਿਦਿਆਰਥੀ ਨੂੰ ਦਿੱਤੀ ਵਧਾਈ

ਨੂਰਪੁਰ ਬੇਦੀ 11 ਮਈ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੋਲੀ ਬਸੀ ਦੇ ਵਿਦਿਆਰਥੀ ਮਨੀ ਮਹੇਸ਼ ਸ਼ਰਮਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ 645/650 (99.23%)  ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।
ਮਨੀ ਮਹੇਸ਼ ਸ਼ਰਮਾ ਵੱਲੋਂ ਪੰਜਾਬ ਭਰ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਨ ਤੇ ਅੱਜ ਸਕੂਲ ਪੁੱਜਣ ਤੇ ਉਸ ਦਾ ਪ੍ਰਿੰਸੀਪਲ ਸ਼ਰਨਜੀਤ ਕੌਰ ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਸ਼ਰਨਜੀਤ ਕੌਰ ਨੇ ਦੱਸਿਆ ਕਿ ਮਨੀ ਮਹੇਸ਼ ਸ਼ਰਮਾ ਬਹੁਤ ਹੀ ਹੋਣਹਾਰ ਵਿਦਿਆਰਥੀ ਹੈ। ਇਸ ਦੀਆਂ ਉਪਲਬੱਧੀਆਂ ਦੀ ਲਿਸਟ ਬਹੁਤ ਲੰਮੀ ਹੈ, ਇਹ ਬੱਚਾ ਭਵਿੱਖ ਵਿੱਚ ਵੱਡਾ ਅਫਸਰ ਬਣੇਗਾ। ਉਹਨਾਂ ਦੱਸਿਆ ਕਿ ਮਨੀ ਮਹੇਸ਼ ਸ਼ਰਮਾ ਦੇ ਪਿਤਾ ਵਿਜੈ ਕੁਮਾਰ ਸ਼ਰਮਾ ਆਪ ਵੀ ਚਨੌਲੀ ਬਸੀ ਸਕੂਲ ਵਿਖੇ ਪੰਜਾਬੀ ਦੇ ਅਧਿਆਪਕ ਹਨ ਅਤੇ ਉਸ ਦੀ ਮਾਤਾ ਮੋਨਿਕਾ ਸ਼ਰਮਾ ਸਰਕਾਰੀ ਹਾਈ ਸਕੂਲ ਸਸਕੋਰ ਵਿਖੇ ਬਤੌਰ ਐਸਐਸਟੀ ਅਧਿਆਪਕਾ ਵਜੋਂ ਸੇਵਾ ਨਿਭਾ ਰਹੇ ਹਨ।
ਪ੍ਰਿੰਸੀਪਲ ਸ਼ਰਨਜੀਤ ਕੌਰ ਨੇ ਦੱਸਿਆ ਕਿ  ਅੱਠਵੀਂ ਜਮਾਤ ਵਿੱਚ ਵੀ ਮਨੀ ਮਹੇਸ਼ ਸ਼ਰਮਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਮੈਰਿਟ ਲਿਸਟ ਵਿੱਚ 11ਵਾਂ ਰੈਂਕ ਪ੍ਰਾਪਤ ਕੀਤਾ ਸੀ। ਉਹਨਾਂ ਦੱਸਿਆ ਮਨੀ ਮਹੇਸ਼ ਸ਼ਰਮਾ ਨੇ ਮੈਰੀਟੋਰੀਅਸ ਪ੍ਰੀਖਿਆ ਵੀ ਦਿੱਤੀ ਸੀ, ਜਿਸ ਵਿੱਚ ਉਸ ਨੇ 132/150  ਅੰਕ ਪ੍ਰਾਪਤ ਕਰਕੇ ਪੰਜਾਬ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।
ਉਹਨਾਂ ਦੱਸਿਆ ਕਿ ਵਿਦਿਆਰਥੀ ਦੀ ਇਸ ਉਪਲੱਬਧੀ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਡਾ ਵੱਲੋਂ ਵੀ ਵਿਦਿਆਰਥੀ ਅਤੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ ਹੈ।
ਪ੍ਰਿੰਸੀਪਲ ਸ਼ਰਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਲਈ ਪ੍ਰੋਜੈਕਟਰ ਲੱਗੇ ਹੋਏ ਹਨ। ਬੱਚਿਆਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਮੀਡੀਅਮ ਵਿੱਚ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਦੀਆਂ ਵੱਖ-ਵੱਖ ਕਲਾਸਾਂ ਲੱਗਦੀਆਂ ਹਨ।
ਉਹਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਅਧੂਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਜਿਸ ਕਾਰਨ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਵੀ ਮਾਤ ਦੇ ਰਹੇ ਹਨ।
ਇਸ ਮੌਕੇ ਮਨੀ ਮਹੇਸ਼ ਸ਼ਰਮਾ ਨੇ ਆਪਣੀ ਇਸ ਉਪਲੱਬਧਤਾਂ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਸਮੂਹ ਸਕੂਲ ਸਟਾਫ ਨੂੰ ਦਿੰਦੇ ਹੋਏ ਕਿਹਾ ਕਿ ਸਾਰੇ ਅਧਿਆਪਕਾਂ ਨੇ ਉਸ ਨੂੰ ਬੜੀ ਹੀ ਤਨਦੇਹੀ ਨਾਲ ਪੜ੍ਹਾਇਆ, ਸਾਡੇ ਸਕੂਲ ਦੇ ਅਧਿਆਪਕ ਓਵਰ ਟਾਈਮ ਲਗਾ ਕੇ ਵੀ ਸਾਨੂੰ ਪੜਾਉਂਦੇ ਰਹੇ ਹਨ। ਉਸ ਨੇ ਦੱਸਿਆ ਕਿ ਉਸ ਨੇ ਵੱਖ-ਵੱਖ ਵਿਸ਼ਿਆਂ ਦੀ ਤਿਆਰੀ ਕਰਨ ਲਈ ਆਪਣਾ ਵੱਖਰਾ ਟਾਈਮ ਟੇਬਲ ਬਣਾਇਆ ਹੋਇਆ ਸੀ ਹਰੇਕ ਵਿਸ਼ੇ ਨੂੰ ਪੂਰਾ ਸਮਾਂ ਦਿੱਤਾ ਗਿਆ ਅਤੇ ਇਸ ਦੌਰਾਨ ਖੇਡਣ ਲਈ ਵੀ ਉਸ ਨੇ ਸਮਾਂ ਕੱਢਿਆ। ਮਨੀ ਮਹੇਸ਼ ਸ਼ਰਮਾ ਨੇ ਦੱਸਿਆ ਕਿ ਉਹ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਆਈਪੀਐਸ ਅਧਿਕਾਰੀ ਬਣਨਾ ਚਾਹੁੰਦਾ ਹੈ।
ਇਸ ਮੌਕੇ ਮਨੀ ਮਹੇਸ਼ ਸ਼ਰਮਾ ਦੇ ਪਿਤਾ ਵਿਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਉਹ ਆਪ ਸਰਕਾਰੀ ਸਕੂਲ ਚਨੌਲੀ ਬਸੀ ਵਿਖੇ ਪੰਜਾਬੀ ਦੇ ਅਧਿਆਪਕ ਹਨ ਅਤੇ ਉਨਾਂ ਦੀ ਪਤਨੀ ਵੀ ਐਸਐਸਟੀ ਦੇ ਟੀਚਰ ਹਨ। ਉਨਾਂ ਦੇ ਦੋ ਬੇਟੇ ਹਨ ਜਿਨਾਂ ਨੂੰ ਉਨਾਂ ਵੱਲੋਂ ਸਰਕਾਰੀ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਪਾਇਆ ਹੋਇਆ ਹੈ।
ਉਹਨਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਬਹੁਤ ਹੀ ਸਹੂਲਤਾਂ ਮਿਲ ਰਹੀਆਂ ਹਨ, ਜਿਸ ਰਾਹੀਂ ਬੱਚਿਆਂ ਦੀ ਹਰੇਕ ਵਿਸ਼ੇ ਉੱਤੇ ਚੰਗੀ ਪਕੜ ਬਣ ਰਹੀ ਹੈ।
ਉਹਨਾਂ ਕਿਹਾ ਕਿ ਉਸ ਦਾ ਬੇਟਾ ਮਨੀ ਮਹੇਸ਼ ਸ਼ਰਮਾ ਜੋ ਵੀ ਅੱਗੇ ਪੜ੍ਹਾਈ ਕਰਨੀ ਚਾਹੁੰਦਾ ਹੈ ਉਹ ਉਸਦਾ ਪੂਰਾ ਸਾਥ ਦੇਣਗੇ।
ਇਸ ਮੌਕੇ ਪਿੰਡ ਚਨੌਲੀ ਦੇ ਸਰਪੰਚ ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਭੁਪਿੰਦਰ ਸਿੰਘ, ਬਲਾਕ ਤਖਤਗੜ੍ਹ ਦੇ ਨੋਡਲ ਅਫਸਰ ਪ੍ਰਿੰਸੀਪਲ ਜਗਤਾਰ ਸਿੰਘ ਧਮਾਣਾ ਵਲੋਂ ਵੀ ਸਕੂਲ ਪਹੁੰਚ ਕੇ ਸਕੂਲ ਸਟਾਫ ਅਤੇ ਵਿਦਿਆਰਥੀ ਨੂੰ ਵਧਾਈ ਦਿੱਤੀ ਗਈ।
ਇਸ ਮੌਕੇ ਪ੍ਰਿੰਸੀਪਲ ਸ਼ਰਨਜੀਤ ਕੌਰ, ਵਿਦਿਆਰਥੀ ਦੇ ਪਿਤਾ ਵਿਜੈ ਕੁਮਾਰ ਸ਼ਰਮਾ, ਮਾਤਾ ਮੋਨਿਕਾ ਸ਼ਰਮਾ, ਲੈਕਚਰਾਰ ਸ਼ਸ਼ੀ ਬਾਲਾ, ਅਰਵਿੰਦਰ ਕੁਮਾਰ, ਬਲਜਿੰਦਰ ਕੌਰ, ਮਾਸਟਰ ਇੰਦਰਦੇਵ, ਬਲਰਾਮ ਕੁਮਾਰ, ਸਤਵੰਤ ਕੌਰ, ਅਮਨ ਕੁਮਾਰ, ਗੁਰਚਰਨ ਸਿੰਘ, ਤਲਵਿੰਦਰ ਸਿੰਘ ਢੀਂਡਸਾ, ਨਵਦੀਪ ਸਿੰਘ, ਇੰਦਰਜੀਤ ਸਿੰਘ, ਇੰਦੂ ਸ਼ਰਮਾ, ਦਵਿੰਦਰ ਕੌਰ, ਰਮਨਜੀਤ ਕੌਰ, ਕੈਪਟਨ ਹਰਜਿੰਦਰ ਸਿੰਘ, ਲੈਕਚਰਰ ਅਸ਼ਵਨੀ ਕੁਮਾਰ ਹਾਜ਼ਰ ਸਨ।

Leave a Reply

Your email address will not be published. Required fields are marked *