ਵੋਟ ਚੋਰੀ ਕਰਨ ਵਾਲੀ ਭਾਜਪਾ ਸਰਕਾਰ ਹੁਣ ਪੰਜਾਬੀਆਂ ਦਾ ਰਾਸ਼ਨ ਚੋਰੀ ਕਰਨ ਨੂੰ ਤਿਆਰ ਹੋਈ-ਡਾ: ਬਲਬੀਰ ਸਿੰਘ

ਫਾਜ਼ਿਲਕਾ, 23 ਅਗਸਤ
ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਗਰੀਬ ਲੋਕਾਂ ਨੂੰ ਮਿਲਣ ਵਾਲੇ ਰਾਸ਼ਨ ਤੇ ਡਾਕਾ ਮਾਰਨ ਦੀ ਯੋਜਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਲੋਕਾਂ ਨਾਲ ਡੱਟ ਕੇ ਖੜ੍ਹੀ ਹੈ ਅਤੇ ਕਿਸੇ ਵੀ ਹਾਲਤ ਵਿਚ ਕੇਂਦਰ ਸਰਕਾਰ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ।
ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ 32 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਹ ਸਰਕਾਰ ਵੋਟ ਚੋਰੀ ਕਰ ਰਹੀ ਸੀ। ਫਿਰ ਪੰਜਾਬ ਦੇ ਪਾਣੀਆਂ ਨੂੰ ਚੋਰੀ ਕਰਨਾ ਚਾਹੁੰਦੀ ਸੀ। ਪੰਜਾਬ ਦੇ ਲੋਕਾਂ ਦਾ ਨਿੱਜੀ ਡਾਟਾ ਇਹ ਚੋਰੀ ਕਰ ਰਹੇ ਹਨ ਅਤੇ ਹੁਣ ਪੰਜਾਬ ਦੇ ਗਰੀਬ ਲੋਕਾਂ ਦਾ ਰਾਸ਼ਨ ਚੋਰੀ ਕਰਨ ਦੀ ਯੋਜਨਾ ਕੇਂਦਰ ਦੀ ਭਾਜਪਾ ਸਰਕਾਰ ਬਣਾ ਰਹੀ ਹੈ।  
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੇ.ਵਾਈ.ਸੀ. ਦੀ ਰਜਿਸਟ੍ਰੇਸ਼ਨ ਨਾ ਹੋਣ ਬਹਾਨਾ ਬਣਾ ਕੇ ਜੁਲਾਈ ਮਹੀਨੇ ਵਿੱਚ 23 ਲੱਖ ਲੋਕਾਂ ਦਾ ਮੁਫ਼ਤ ਰਾਸ਼ਨ ਬੰਦ ਕਰ ਦਿੱਤਾ ਗਿਆ ਹੈ ਜਦਕਿ 32 ਲੱਖ ਹੋਰ ਲੋਕਾਂ ਦਾ ਮੁਫਤ ਰਾਸ਼ਨ 30 ਸਤੰਬਰ ਤੋਂ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।
ਡਾ: ਬਲਬੀਰ ਸਿੰਘ ਨੇ ਕਿਹਾ ਕਿ ਕੋਈ ਵੀ ਹਾਲਾਤ ਹੋਣ ਪੰਜਾਬ ਦੇ ਲੋਕ ਡੱਟ ਕੇ ਦੇਸ਼ ਨਾਲ ਖੜਦੇ ਹਨ। ਚਾਹੇ ਦੇਸ਼ ਦੇ ਅਨਾਜ ਭੰਡਾਰ ਭਰਨੇ ਹੋਣ ਤੇ ਚਾਹੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ। ਪਰ ਬਦਲੇ ਵਿਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਆਪ੍ਰੇਸ਼ਨ ਸੰਦੂਰ ਦੌਰਾਨ ਇਸਦਾ ਸੇਕ ਪੰਜਾਬ ਦੇ ਲੋਕਾਂ ਨੇ ਝੱਲਿਆਂ ਤੇ ਹੁਣ ਹੜਾਂ ਦੀ ਮਾਰ ਪੰਜਾਬ ਝੱਲ ਰਿਹਾ ਹੈ। ਜਦ ਪਾਣੀ ਦੀ ਕਮੀ ਸੀ ਤਾਂ ਸਾਡਾ ਪਾਣੀ ਲੁੱਟਣ ਦੀਆਂ ਸਾਜਿਸ਼ਾ ਰਚੀਆਂ ਜਾ ਰਹੀਆਂ ਸਨ ਅਤੇ ਹੁਣ ਜਦ ਹੜ੍ਹ ਆਏ ਤਾਂ ਪੰਜਾਬ ਨੂੰ ਡੁੱਬਣ ਲਈ ਛੱਡ ਦਿੱਤਾ।
ਸਿਹਤ ਮੰਤਰੀ ਨੇ ਭਾਜਪਾ ਨੂੰ ਘੇਰਦਿਆਂ ਕਿਹਾ ਕਿ ‘ਵੋਟ ਚੋਰੀ’ ਤੋਂ ਬਾਅਦ ‘ਰਾਸ਼ਨ ਚੋਰੀ’ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਫ਼ਤ ਰਾਸ਼ਨ ਬੰਦ ਕਰਨ ਲਈ ਵਿਸ਼ੇਸ਼ ਤੌਰ ਉਤੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਨੇ ਅਨਾਜ ਉਤਪਾਦਨ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਿੱਚ ਸਭ ਤੋਂ ਯੋਗਦਾਨ ਪਾਇਆ ਹੈ।
ਡਾ: ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਇੰਨ੍ਹਾਂ ਪੰਜਾਬ ਵਿਰੋਧੀ ਯੋਜਨਾਵਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਹਿੱਤਾਂ ਦੀ ਡੱਟ ਕੇ ਰੱਖਿਆ ਕਰੇਗੀ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਤੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਵੀ ਉਨ੍ਹਾਂ ਦੇ ਨਾਲ ਹਾਜਰ ਸਨ।

Leave a Reply

Your email address will not be published. Required fields are marked *