ਬਸੀ ਪਠਾਣਾਂ/ ਫ਼ਤਹਿਗੜ੍ਹ ਸਾਹਿਬ , 27 ਅਪ੍ਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਲਈ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਨੂੰ ਜ਼ਮੀਨੀ ਪੱਧਰ ‘ਤੇ ਸਫਲਤਾ ਦਾ ਜਾਮਾ ਪਹਿਨਾਉਣ ਲਈ ਹਲਕਾ ਬਸੀ ਪਠਾਣਾਂ ਅਧੀਨ ਆਉਂਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਬਲਾਕ ਖੇੜਾ ਅਧੀਨ ਆਉਂਦੇ ਪਿੰਡ ਚੁੰਨੀ ਖੁਰਦ ਵਿਖੇ ਸਤਿਕਾਰ ਕਲਾ ਮੰਚ ਵੱਲੋ ਪ੍ਰਸ਼ਾਸਨਿਕ ਸਹਿਯੋਗ ਨਾਲ ਨੁੱਕੜ ਨਾਟਕ ‘ਮਿੱਟੀ ਰੁਦਨ ਕਰੇ’ ਦੇ ਮੰਚਨ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਸਰਗਰਮ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਨਸ਼ਾ ਪੀੜਤਾਂ ਦਾ ਸਹੀ ਇਲਾਜ ਕਰਵਾ ਕੇ ਉਹਨਾਂ ਨੂੰ ਤੰਦਰੁਸਤ ਬਣਾਉਣ ਵਿੱਚ ਹਰੇਕ ਨਾਗਰਿਕ ਨੂੰ ਸਰਗਰਮ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਇਹ ਨੁੱਕੜ ਨਾਟਕ, ਨਸ਼ਿਆਂ ਨਾਲ ਜ਼ਿੰਦਗੀ ਉੱਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਦੀ ਪੇਸ਼ਕਾਰੀ ਕਰਨ ਵਿੱਚ ਸਫਲ ਸਾਬਤ ਹੋਇਆ ਹੈ ਜਿਸ ਤੋਂ ਸੇਧ ਲੈਂਦੇ ਹੋਏ ਨਸ਼ਿਆਂ ਤੋਂ ਤੌਬਾ ਕਰਨ ਦੀ ਲੋੜ ਹੈ। ਉਨ੍ਹਾਂ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡ ਸੱਭਿਆਚਾਰ ਨਾਲ ਜੁੜਨ ਦਾ ਸੱਦਾ ਵੀ ਦਿੱਤਾ।
