ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋ ਖ਼ਤਮ ਕਰਨ ਲਈ ਜਨਤਾ ਦੇ ਸਹਿਯੋਗ ਦੀ ਵੀ ਅਹਿਮ ਲੋੜ – ਵਿਧਾਇਕ ਗੁਰਦੀਪ ਸਿੰਘ ਰੰਧਾਵਾ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 25 ਮਈ ( ) – ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਨਸ਼ਿਆਂ ਵਿਰੁੱਧ ਇੱਕ ਯੁੱਧ ਦਾ ਐਲਾਨ ਕੀਤਾ ਹੈ। ਇਸ ਨੂੰ ਅਪਾਰ ਸਫਲਤਾ ਮਿਲ ਰਹੀ ਹੈ, ਪ੍ਰੰਤੂ ਇਹ ਮੁਹਿੰਮ ਲਗਾਤਾਰ ਜਾਰੀ ਰੱਖਣ ਲਈ ਸਾਨੂੰ ਸਾਰਿਆ ਨੂੰ ਸਾਂਝੇ ਤੌਰ ਤੇ ਆਪਣਾ ਯੋਗਦਾਨ ਪਾਉਣਾ ਪਵੇਗਾ। ਭੋਲੇ ਭਾਲੇ ਨੌਜਵਾਨਾਂ ਨੂੰ ਨਸ਼ੇ ਦੀ ਗ੍ਰਿਫ਼ਤ ਵਿੱਚ ਜਕੜਨ ਵਾਲੇ ਨਸ਼ਿਆਂ ਦੇ ਸੌਦਾਗਰ ਜੇਲ੍ਹਾਂ ਵਿਚ ਡੱਕਣਾ ਬਹੁਤ ਜ਼ਰੂਰੀ ਹੈ।‌ ਇਸ ਦੇ ਲਈ ਪੰਜਾਬ ਸਰਕਾਰ ਨੇ ਇੱਕ ਵਿਆਪਕ ਅਭਿਆਨ ਸ਼ੁਰੂ ਕਰ ਦਿੱਤਾ ਹੈ, ਜਿਸ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਪਰੰਤੂ ਨਸ਼ੇ ਦੇ ਕੋੜ੍ਹ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਆਮ ਜਨਤਾ ਦੇ ਸਹਿਯੋਗ ਦੀ ਵੀ ਅਹਿਮ ਲੋੜ ਹੈ।

ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਬੀਤੀ ਸ਼ਾਮ ਹਲਕੇ ਪਿੰਡ ਮੀਰਕਚਾਣਾ ਵਿਖੇ ਨਸ਼ਾ ਮੁਕਤ ਯਾਤਰਾ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਰੰਧਾਵਾ ਨੇ ਕਿਹਾ ਕਿ ਇਸ ਅਭਿਆਨ ਤਹਿਤ ਹਰ ਪਿੰਡ, ਸ਼ਹਿਰ ਗਲੀ ਮੁਹੱਲੇ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਕਿ ਉਹ ਨਸ਼ਾ ਵਿਕ੍ਰੇਤਾਵਾਂ ਦੀ ਸੂਚਨਾ ਬੇਖ਼ੌਫ ਹੋ ਕੇ ਦੇਣ। ਉਨ੍ਹਾਂ ਕਿਹਾ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਵਾਲੇ ਵਿਅਕਤੀਆਂ ਦਾ ਨਾਮ-ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਜਕੜਨ ਵਿਚ ਆਏ ਭੋਲੇ ਭਾਲੇ ਲੋਕਾਂ ਨਾਲ ਹਮਦਰਦੀ ਨਾਲ ਨਜਿੱਠਿਆ ਜਾਵੇਗਾ, ਉਨ੍ਹਾਂ ਦੇ ਇਲਾਜ ਉੱਤੇ ਭਾਵੇਂ ਜਿਸ ਤਰਾਂ ਪ੍ਰਬੰਧ ਕਰਨੇ ਪੈਣ ਸਰਕਾਰ ਸੰਜੀਦਗੀ ਨਾਲ ਕੰਮ ਕਰੇਗੀ, ਪ੍ਰੰਤੂ ਇਹ ਮਿਸ਼ਨ ਸਿਰਫ਼ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਸਫਲ ਨਹੀਂ ਬਣਾਇਆ ਜਾ ਸਕਦਾ। ਇਸ ਵਿੱਚ ਹਰ ਨਾਗਰਿਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਵਿਆਪਕ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਹੋਈ ਆਮਦਨ ਤੋ ਜਾਇਦਾਦਾਂ ਖੜੀਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਚੱਲ ਰਹੀ ਹੈ। ਕਈ ਥਾਵਾਂ ਤੋ ਨਸ਼ਾ ਤਸਕਰ ਘਰਾਂ ਨੂੰ ਤਾਲੇ ਲਗਾ ਕੇ ਫ਼ਰਾਰ ਹੋ ਗਏ ਹਨ, ਪ੍ਰੰਤੂ ਸਰਕਾਰ ਵੱਲੋਂ ਅਜਿਹੇ ਦੋਸ਼ੀਆਂ ਨੂੰ ਹੁਣ ਬਖ਼ਸ਼ਣ ਦੀ ਥਾਂ ਜੇਲ੍ਹਾਂ ਦੇ ਅੰਦਰ ਡੱਕਿਆ ਜਾ ਰਿਹਾ ਹੈ। ਇਸ ਮੌਕੇ ਸ. ਗੁਰਦੀਪ ਸਿੰਘ ਰੰਧਾਵਾ ਵੱਲੋਂ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਵੀ ਚੁਕਾਈ ਗਈ। ਇਸ ਮੌਕੇ ਤਹਿਸੀਲਦਾਰ ਡੇਰਾ ਬਾਬਾ ਨਾਨਕ ਲਛਮਣ ਸਿੰਘ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਲਕਾ ਕੋਆਰਡੀਨੇਟਰ ਅਰਸ਼ਦੀਪ ਸਿੰਘ ਤੋਂ ਇਲਾਵਾ ਇਲਾਕੇ ਮੁਹਤਬਰ ਅਤੇ ਪਿੰਡ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *