ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਅਤੇ ਅਮਨ ਅਰੋੜਾ ਦੇ ਯਤਨਾਂ ਸਦਕਾ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਪਿੰਡ ਢੱਡਰੀਆਂ ਵਿੱਚ ਰੱਖਿਆ ਸਰਕਾਰੀ ਆਈ ਟੀ ਆਈ ਦਾ ਨੀਂਹ ਪੱਥਰ

ਪਿੰਡ ਢੱਡਰੀਆਂ, 5 ਨਵੰਬਰ (000) – ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਵਿਸ਼ੇਸ਼ ਉਪਰਾਲਾ ਕਰਕੇ ਪਿੰਡ ਢੱਡਰੀਆਂ ਵਿੱਚ ਸਰਕਾਰੀ ਆਈ ਟੀ ਆਈ ਮਨਜ਼ੂਰ ਕਾਰਵਾਈ ਹੈ। ਇਸ ਸੰਸਥਾ ਦੀ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਅੱਜ ਪ੍ਰਸਿੱਧ ਧਾਰਮਿਕ ਸਖਸ਼ੀਅਤ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਰੱਖਿਆ। ਇਸ ਮੌਕੇ ਸ਼੍ਰੀ ਅਮਨ ਅਰੋੜਾ ਉਚੇਚੇ ਤੌਰ ਉੱਤੇ ਹਾਜ਼ਰ ਸਨ।

ਇਲਾਕੇ ਦੀ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਤਰੱਕੀ ਪੱਖੋਂ ਪਛੜਿਆ ਰਿਹਾ ਇਹ ਇਲਾਕਾ ਅੱਜ ਵਿਕਾਸ ਦੀ ਨਵੀਂ ਅੰਗੜਾਈ ਲੈ ਰਿਹਾ ਹੈ। ਜੋ ਕਿ ਇਲਾਕੇ ਲਈ ਸ਼ੁਭ ਸੰਕੇਤ ਹੈ। ਉਹਨਾਂ ਇਸ ਸੰਸਥਾ ਦੀ ਮਨਜ਼ੂਰੀ ਲਈ ਸ਼੍ਰੀ ਅਮਨ ਅਰੋੜਾ ਦਾ ਧੰਨਵਾਦ ਕੀਤਾ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਾਉਣ ਲਈ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਉਹਨਾਂ ਕਿਹਾ ਕਿ ਸੰਪੂਰਨ ਮਨੁੱਖ ਦੀ ਕਲਪਨਾ ਲਈ ਪਰਮਾਤਮਾ ਦਾ ਨਾਮ ਅਤੇ ਵਿਦਿਆ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਪੰਜਾਬ ਸਰਕਾਰ ਨੇ ਹਲਕਾ ਸੁਨਾਮ ਊਧਮ ਸਿੰਘ ਵਾਲਾ ਨੂੰ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ। ਉਹਨਾਂ ਕਿਹਾ ਕਿ 13.54 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਸ ਸੰਸਥਾ ਨੂੰ ਇੱਕ ਸਾਲ ਵਿੱਚ ਚਾਲੂ ਕਰਨ ਦਾ ਟੀਚਾ ਹੈ। ਜਦੋਂ ਇਹ ਸੰਸਥਾ ਚਾਲੂ ਹੋ ਗਈ ਤਾਂ ਇਸ ਨਾਲ ਇਲਾਕੇ ਦੇ ਵਿਕਾਸ ਅਤੇ ਨੌਜਵਾਨਾਂ ਲਈ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ। ਜਿਸ ਨਾਲ ਉਹ ਹੁਨਰਮੰਦ, ਰੁਜਗਾਰ ਯੋਗ ਅਤੇ ਸਵੈ-ਨਿਰਭਰ ਬਣਨ ਦੇ ਯੋਗ ਹੋਣਗੇ ਅਤੇ ਇੱਕ ਖੁਸ਼ਹਾਲ ਅਤੇ ਪ੍ਰਗਤੀਸ਼ੀਲ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾਉਣਗੇ।

ਉਹਨਾਂ ਕਿਹਾ ਕਿ ਇਹ ਆਈ.ਟੀ.ਆਈ. ਆਧੁਨਿਕ, ਉੱਭਰ ਰਹੀਆਂ ਤਕਨਾਲੋਜੀਆਂ ਅਤੇ ਭਵਿੱਖ ਲਈ ਹੋਰ ਤਿਆਰ ਕਿੱਤਿਆਂ ਵਿੱਚ ਸਿਖਲਾਈ ਪ੍ਰਦਾਨ ਕਰੇਗੀ ਜਿਨ੍ਹਾਂ ਦੀ ਨੌਕਰੀ ਦੀ ਬਾਜ਼ਾਰ ਵਿੱਚ ਬਹੁਤ ਮੰਗ ਹੈ। ਇਹ ਸੰਸਥਾ ਰਾਜ ਭਰ ਦੇ ਆਈ.ਟੀ.ਆਈ. ਵਿੱਚ ਸ਼ੁਰੂ ਕੀਤੇ ਜਾਣ ਵਾਲੇ ਪ੍ਰਸਤਾਵਿਤ ਵੱਖ-ਵੱਖ ਨਵੇਂ ਯੁੱਗ ਦੇ ਕੋਰਸਾਂ ਵਿੱਚ ਲਗਭਗ 300 ਨੌਜਵਾਨਾਂ ਨੂੰ ਸਿਖਲਾਈ ਸਹੂਲਤਾਂ ਪ੍ਰਦਾਨ ਕਰੇਗੀ। ਇਸ ਆਈ.ਟੀ.ਆਈ. ਦੀ ਸਥਾਪਨਾ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਉਦਯੋਗ ਨਾਲ ਸਬੰਧਤ ਹੁਨਰ, ਸਵੈ-ਰੁਜਗਾਰ ਅਤੇ ਉੱਗਮਤਾ ਪ੍ਰਦਾਨ ਕਰਕੇ ਸਸ਼ਕਤ ਬਣਾਵੇਗੀ।

ਉਹਨਾਂ ਕਿਹਾ ਕਿ ਉਸਾਰੀ ਦੇ ਮੁਕੰਮਲ ਹੋਣ ਤੋਂ ਬਾਅਦ, ਇਸ ਸੰਸਥਾ ਵਿੱਚ ਆਧੁਨਿਕ ਅਤੇ ਸਮੇਂ ਦੀ ਮੰਗ ਅਨੁਸਾਰ ਕੋਰਸ ਸ਼ੁਰੂ ਹੋਣਗੇ। ਇਹਨਾ ਕੋਰਸਾਂ ਵਿੱਚ ਐਡੀਟਿਵ ਮੈਨੂਫੈਕਚਰਿੰਗ ਟੈਕਨੀਸ਼ੀਅਨ (3D ਪ੍ਰਿੰਡਿਗ) – 1 ਸਾਲ ਕੋਰਸ, ਸੀਐਨਸੀ ਮਸ਼ੀਨਿੰਗ ਟੈਕਨੀਸ਼ੀਅਨ- 2 ਸਾਲ ਕੋਰਸ, ਇੰਡਸਟਰੀਅਲ ਰੋਬੋਟਿਕਸ ਅਤੇ ਡਿਜੀਟਲ ਮੈਨੂਫੈਕਚਰਿੰਗ ਟੈਕਨੀਸ਼ੀਅਨ- 1 ਸਾਲ ਕੋਰਸ, ਮਕੈਨਿਕ ਇਲੈਕਟ੍ਰਿਕ ਵਹੀਕਲ-1 ਸਾਲ ਕੋਰਸ, ਸੋਲਰ ਟੈਕਨੀਸ਼ੀਅਨ (ਇਲੈਕਟ੍ਰੀਕਲ)- 1 ਸਾਲ ਕੋਰਸ, ਟੈਕਸਟਾਈਲ ਮੈਕਟ੍ਰੋਨਿਕਸ (ਪੰਜਾਬ ਵਿੱਚ ਪਹਿਲੀ ਵਾਰ) -2 ਸਾਲ ਕੋਰਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰੋਗਰਾਮਿੰਗ ਅਸਿਸਟੈਂਟ (ਪੰਜਾਬ ਵਿੱਚ ਪਹਿਲੀ ਵਾਰ) – 1 ਸਾਲ ਕੋਰਸ ਦੇ ਕੋਰਸ ਸ਼ਾਮਿਲ ਹੋਣਗੇ। ਇਹ ਸੰਸਥਾ ਆਲੇ ਦੁਆਲੇ ਦੇ ਪੇਂਡੂ ਖੇਤਰਾਂ, ਖਾਸ ਕਰਕੇ 15 ਪਿੰਡਾਂ ਲਈ ਇਕ ਹੁਨਰ ਵਿਕਾਸ ਕੇਂਦਰ ਵਜੋਂ ਕੰਮ ਕਰੇਗੀ ਅਤੇ ਸਥਾਨਕ ਰੁਜਗਾਰ ਪੈਦਾ ਕਰਨ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ।

ਇਸ ਮੌਕੇ ਭਾਈ ਰਣਜੀਤ ਸਿੰਘ ਢੱਡਰੀਆਂ ਅਤੇ ਸ਼੍ਰੀ ਅਮਨ ਅਰੋੜਾ ਦਾ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਐੱਸ ਡੀ ਐੱਮ ਸ੍ਰ ਚਰਨਜੋਤ ਸਿੰਘ ਵਾਲੀਆ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *