ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਅਧਿਕਾਰੀ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ 26 ਜੂਨ:–
ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਅਤੇ ਆਪਣੀਆਂ ਲੋਕ ਪੱਖੀ ਯੋਜਨਾਵਾਂ ’ਤੇ ਅਮਲ ਕਰਨ ਲਈ ਵਚਨਬੱਧ ਹੈ। ਇਸ ਲਈ ਜਰੂਰੀ ਹੈ ਕਿ ਸਾਰੇ ਅਧਿਕਾਰੀ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿਣ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੈਰਾਥਨ ਮੀਟਿੰਗ ਦੌਰਾਨ ਕੀਤਾ। ਉਨਾਂ ਅੱਜ ਮਾਲ ਵਿਭਾਗ, ਖੇਤੀਬਾੜੀ, ਜੰਗਲਾਤ, ਮਾਰਕਫੈਡ, ਸਕੂਲ, ਚੋਣਾਂ, ਲੋਕ ਨਿਰਮਾਣ ਵਿਭਾਗ, ਇੰਡਸਟਰੀ, ਸੰਚਾਈ ਅਤੇ ਸਿਹਤ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਉਨਾਂ ਦੇ ਕੰਮਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ।
           ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਸਰਕਾਰੀ ਕੰਮਕਾਜ ਨੂੰ ਪਾਰਦਰਸ਼ਤਾ ਅਤੇ ਸਮਾਂਬੱਧ ਢੰਗ ਨਾਲ ਕਰਨਾ ਯਕੀਨੀ ਬਣਾਉਣ। ਆਪਣੇ ਆਪਣੇ ਵਿਭਾਗ ਦੇ ਚੱਲ ਰਹੇ ਵਿਕਾਸ ਕਾਰਜਾਂ ਵੱਲ ਵਿਸ਼ੇਸ ਧਿਆਨ ਦੇ ਕੇ ਉਨ੍ਹਾਂ ਨੂੰ ਸਮਾਂਬੱਧ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਬਰਸਾਤੀ ਨਾਲਿਆਂ ਦੀ ਸਫਾਈ ਪਹਿਲ ਦੇ ਆਧਾਰ ’ਤੇ ਕਰਵਾਉਣ ਲਈ ਕਿਹਾ ਤਾਂ ਜੋ ਬਰਸਾਤ ਦੇ ਪਾਣੀ ਦੀ ਨਿਕਾਸੀ ਠੀਕ ਤਰੀਕੇ ਨਾਲ ਹੁੰਦੀ ਰਹੇ। ਉਨ੍ਹਾਂ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਚਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ। ਆ ਰਹੇ ਬਰਸਾਤ ਦੇ ਮੌਸਮ ਦੌਰਾਨ ਬੂਟੇ ਲਗਾਉਣ ਤੇ ਪਾਲਣ ਸਬੰਧੀ ਵਿਸਥਾਰਤ ਰੂਪ ਰੇਖਾ ਤਿਆਰ ਕਰਨ ਦੀ ਹਦਾਇਤ ਵੀ ਉਨਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕਰਦੇ ਕਿਹਾ ਕਿ ਜਿਲ੍ਹੇ ਵਿਚ 10 ਲੱਖ ਬੂਟੇ ਲਗਾਉਣ ਦਾ ਜੋ ਟੀਚਾ ਹੈ, ਉਸ ਨੂੰ ਕਿਸ ਤਰਾਂ ਅਮਲ ਵਿਚ ਲਿਆਂਦਾ ਜਾਣਾ ਹੈ, ਬਾਬਤ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਸੰਬਧਤ ਵਿਭਾਗਾਂ ਦਾ ਸਹਿਯੋਗ ਲੈ ਕੇ ਵੱਧ ਤੋ ਵੱਧ ਬੂਟੇ ਪਾਲੇ ਜਾ ਸਕਣ।
ਉਨ੍ਹਾਂ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਅਤੇ ਹਰੇਕ ਵਾਟਰ ਵਰਕਸ ਨੂੰ ਨਹਿਰੀ ਪਾਣੀ ਸਪਲਾਈ ਨਾਲ ਜੋੜਨ ਦੇ ਉਪਰਾਲੇ ਕਰਨ ਲਈ ਕਿਹਾ। ਉਨ੍ਹਾਂ ਤਹਿਸੀਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਉਨ੍ਹਾਂ ਦੇ ਕੰਮਕਾਜ ਕਰਵਾਉਣ ਵਿਚ ਕੋਈ ਸਮੱਸਿਆ ਪੇਸ਼ ਨਾ ਆਵੇ ਅਤੇ ਮਾਲ ਵਿਭਾਗ ਦਾ ਹਰ ਕੰਮ ਸਮਾਂਬੱਧ ਢੰਗ ਨਾਲ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ  ਬਾਲਾ, ਐਸ ਡੀ ਐਮ ਸ੍ਰੀ ਮਨਕੰਵਲ ਸਿੰਘ ਚਾਹਲ, ਐਸ ਡੀ ਐਮ ਸ੍ਰੀ ਲਾਲ ਵਿਸਵਾਸ਼, ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *