
ਮਾਲੇਰਕੋਟਲਾ 19 ਅਗਸਤ –
ਜ਼ਿਲ੍ਹਾ ਮਾਲੇਰਕੋਟਲਾ ਵਿੱਚ ਨਵ-ਨਿਯੁਕਤ 14 ਪਟਵਾਰੀਆਂ ਲਈ ਅੱਜ ਵਿਸ਼ੇਸ਼ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਨਵੀਂ ਨਿਯੁਕਤੀ ਸੰਭਾਲ ਰਹੇ ਪਟਵਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਗੁੱਡ ਗਵਰਨੈਂਸ ਨੀਤੀ ਤਹਿਤ ਲੋਕਾਂ ਨੂੰ ਤੇਜ਼, ਪਾਰਦਰਸ਼ੀ ਅਤੇ ਆਸਾਨ ਸੇਵਾਵਾਂ ਪ੍ਰਦਾਨ ਕਰਨਾ ਹੀ ਪ੍ਰਸ਼ਾਸਨ ਦਾ ਮੁੱਖ ਮੰਤਵ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਟਵਾਰੀ ਪੱਧਰ ਦੇ ਕਰਮਚਾਰੀ ਜਨਤਾ ਨਾਲ ਸਿੱਧੇ ਤੌਰ ‘ਤੇ ਜੁੜੇ ਹੁੰਦੇ ਹਨ। ਇਸ ਲਈ ਉਹਨਾਂ ਦੀ ਕੰਮ ਕਰਨ ਦੀ ਸੁਚੱਜੀ ਪ੍ਰਣਾਲੀ ਹੀ ਨਾਗਰਿਕਾਂ ਵਿੱਚ ਸਰਕਾਰੀ ਪ੍ਰਣਾਲੀ ‘ਤੇ ਭਰੋਸੇ ਨੂੰ ਹੋਰ ਮਜ਼ਬੂਤ ਕਰ ਸਕਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਨਵ ਨਿਯੁਕਤ ਪਟਵਾਰੀ ਲੋਕਾਂ ਦੀਆਂ ਸਹੂਲਤਾਂ ਨੂੰ ਪਹਿਲ ਦੇਣ, ਕੰਮ ਵਿੱਚ ਪਾਰਦਰਸ਼ਤਾ ਬਣਾਈ ਰੱਖ ਕੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ।
ਸੁੱਚਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਵਿਭਾਗ ਦੀ ਆਈ.ਟੀ. ਸ਼ਾਖਾ ਵੱਲੋਂ ਵਿਸ਼ੇਸ਼ ਟਰੇਨਿੰਗ ਕਰਵਾਈ ਗਈ। ਪਟਵਾਰੀਆਂ ਨੂੰ ਸੁੱਚਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਵਿਭਾਗ (ਡੀ.ਜੀ.ਜੀ.ਆਈ.ਟੀ.) ਦੁਆਰਾ ਤਿਆਰ ਕੀਤੀ ਗਈ ਈ-ਗਵਰਨੈਂਸ ਪ੍ਰਣਾਲੀ ਨਾਲ ਜੋੜਿਆ ਗਿਆ। ਟਰੇਨਿੰਗ ਦੌਰਾਨ ਈ-ਸੇਵਾ ਪੋਰਟਲ ‘ਤੇ ਆਨ-ਬੋਰਡ (ਆਈ.ਡੀਜ਼ ਬਣਾਉਣ, ਲੌਗਇਨ, ਆਨ ਲਾਈਨ ਤਸਦੀਕ ਪ੍ਰਕਿਰਿਆ ਅਤੇ ਰਿਕਾਰਡ ਅਪਲੋਡ ਕਰਨ ਦੀ ਪ੍ਰਕਿਰਿਆ) ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਸਹਾਇਕ ਜਿਲ੍ਹਾ ਆਈ.ਟੀ.ਮੈਨੇਜਰ, ਪ੍ਰਸ਼ਾਸਨਿਕ ਸੁਧਾਰ ਸ਼ਾਖਾ ਸ੍ਰੀ ਨਰਿੰਦਰ ਸ਼ਰਮਾ ਨੇ ਉਨ੍ਹਾਂ ਨੂੰ ਪ੍ਰੈਕਟੀਕਲ ਡੈਮੋ ਰਾਹੀਂ ਇਹ ਸਮਝਾਇਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਲ ਵਿਭਾਗ ਨਾਲ ਸਬੰਧਤ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਆਨ ਲਾਈਨ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ। ਜਿਨ੍ਹਾਂ ਦਾ ਨਿਪਟਾਰਾ ਤਹਿ ਸਮਾਂ ਸੀਮਾਂ ਤਹਿਤ ਪਾਰਦਰਸੀ ਤਰੀਕੇ ਨਾਲ ਕਰਨ ਨੂੰ ਯਕੀਨੀ ਬਣਾਉਣ ਲਈ ਇਹ ਐਪਲੀਕੇਸ਼ਨ ਸਹਾਇਕ ਸਿੱਧ ਹੋ ਰਹੀ ਹੈ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਸਮੇਂ ਦਾ ਹਾਣੀ ਹੋ ਕੇ ਸਾਡਾ ਤਕਨੀਕ ਨੂੰ ਅਪਣਾਉਣਾ ਲਾਜ਼ਮੀ ਹੈ। ਸਰਕਾਰ ਦਾ ਮਕਸਦ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਹਰ ਵਿਅਕਤੀ ਨੂੰ ਡਿਜੀਟਲ ਪਲੇਟਫਾਰਮ ਰਾਹੀਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ।
ਇਸ ਮੌਕੇ ਸਦਰ ਕਾਨੂੰਗੋ ਰਣਜੀਤ ਸਿੰਘ, ਨਾਇਬ ਸਦਰ ਕਾਨੂੰਗੋ ਹਰਿੰਦਰਜੀਤ ਸਿੰਘ, ਜਿਲ੍ਹਾ ਆਈ.ਟੀ.ਮੈਨੇਜਰ, ਪ੍ਰਸ਼ਾਸਨਿਕ ਸੁਧਾਰ ਸ਼ਾਖਾ ਮੋਨਿਕਾ ਸਿੰਗਲਾ ਸਮੇਤ ਆਈ.ਟੀ.ਟੀਮ ਦੇ ਅਧਿਕਾਰੀ ਵੀ ਮੌਜੂਦ ਸਨ।