ਜਲਾਲਾਬਾਦ ਵਿਖੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ ਸਮਾਗਮ

ਜਲਾਲਾਬਾਦ, 15 ਅਗਸਤ
ਆਜ਼ਾਦੀ ਦਿਵਸ ਸਮਾਗਮ ਜਲਾਲਾਬਾਦ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਕੰਵਰਜੀਤ ਸਿੰਘ ਮਾਨ, ਐੱਸ.ਡੀ.ਐੱਮ ਜਲਾਲਾਬਾਦ ਨੇ ਅਦਾ ਕੀਤੀ। ਇਸ ਉਪਰੰਤ ਐਨ.ਸੀ.ਸੀ  ਕੈਡਿਟਸ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ।
ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਐੱਸ.ਡੀ.ਐੱਮ ਜਲਾਲਾਬਾਦ ਸ੍ਰੀ ਕੰਵਰਜੀਤ ਸਿੰਘ ਮਾਨ ਨੇ ਆਪਣੇ ਸੰਦੇਸ਼ ’ਚ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ—ਵੱਖ ਲਹਿਰਾਂ ਅਤੇ ਸ਼ਹੀਦ—ਏ—ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ—ਸਮੇਂ ’ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ ।
ਉਨ੍ਹਾਂ ਕਿਹਾ ਕਿ ਇਸ ਪਵਿੱਤਰ ਦਿਹਾੜੇ ਤੇ ਜਿੱਥੇ ਮੈਂ ਦੇਸ਼ ਦੀ ਆਜਾਦੀ ਲਈ ਕੁਰਬਾਨ ਹੋਣ ਵਾਲੇ ਮਹਾਨ ਸ਼ਹੀਦਾਂ ਨੂੰ ਨਮਨ ਕਰਦਾ ਹਾਂ। ਅੱਜ ਦਾ ਦਿਨ ਜਿੱਥੇ ਜਸਨ ਮਨਾਉਣ ਦਾ ਹੈ ਉਥੇ ਹੀ ਇਹ ਦਿਨ ਸਾਨੂੰ ਆਤਮ ਮੰਥਨ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ। ਨਾਲ ਹੀ ਇਹ ਦਿਨ ਸਾਨੂੰ ਆਪਣੇ ਮੁਲਕ ਲਈ ਭਵਿੱਖ ਦੀਆਂ ਯੋਜਨਾਵਾਂ ਉਲੀਕਣ ਅਤੇ ਉਨ੍ਹਾਂ ਨੂੰ ਸੱਚ ਕਰਨ ਲਈ ਦ੍ਰਿੜ ਸੰਕਲਪ ਲੈਣ ਲਈ ਵੀ ਪ੍ਰੇਰਿਤ ਕਰਦਾ ਹੈ।
ਭਾਰਤ ਦੀ ਆਜ਼ਾਦੀ ਦੀ ਇਸ ਲੜਾਈ ਵਿਚ 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਲੈ ਕੇ 1947 ਦੀ ਅੰਤਿਮ ਜਿੱਤ ਤੱਕ, ਹਜਾਰਾਂ ਸੂਰਮੇ ਸ਼ਹੀਦ ਹੋਏ। ਕਿੰਨੇ ਲੋਕਾਂ ਨੇ ਜ਼ੇਲ੍ਹਾਂ ਕੱਟੀਆਂ। ਅਸੀਂ ਹਮੇਸਾ ਆਜਾਦੀ ਲਈ ਆਪਾਂ ਵਾਰਨ ਵਾਲਿਆਂ ਦੇ ਰਿਣੀ ਰਹਾਂਗੇ।
ਅੱਜ ਅਸੀਂ ਆਜ਼ਾਦ ਹਾਂ ਕਿਉਂਕਿ ਸਾਡੇ ਪੂਰਵਜਾਂ ਨੇ ਆਪਣਾ ਸਭ ਕੁਝ ਦੇਸ਼ ਲਈ ਨਿਛਾਵਰ ਕਰ ਦਿੱਤਾ। ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਆਜ਼ਾਦੀ ਦੀ ਰੱਖਿਆ ਕਰੀਏ, ਇਸਦਾ ਸਦਪ੍ਰਯੋਗ ਕਰੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸਦੀ ਕਦਰ ਸਿਖਾਈਏ।
ਅੱਜ ਦਾ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਸਾਡੇ ਦੇਸ਼ ਨੇ ਖੇਤੀਬਾੜੀ, ਉਦਯੋਗ, ਤਕਨਾਲੋਜੀ, ਖਗੋਲ ਵਿਗਿਆਨ ਅਤੇ ਸਿਹਤ ਸੇਵਾਵਾਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾ ਕੇ ਦੇਸ਼ ਨੂੰ ਅਨਾਜ ਵਿੱਚ ਆਤਮਨਿਰਭਰ ਬਣਾਇਆ।
ਸਾਡੇ ਜ਼ਿਲ੍ਹੇ ਵਿੱਚ ਵੀ ਪਿਛਲੇ ਸਾਲਾਂ ਵਿੱਚ ਕਈ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਸੜਕਾਂ ਦਾ ਜਾਲ ਵਧਾਇਆ ਗਿਆ ਹੈ, ਪਾਣੀ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ, ਸਿਹਤ ਕੇਂਦਰਾਂ ਦੀਆਂ ਸਹੂਲਤਾਂ ਨੂੰ ਅਧੁਨਿਕ ਬਣਾਇਆ ਗਿਆ ਹੈ। ਅਸੀਂ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਲਗਾ ਕੇ ਬੱਚਿਆਂ ਨੂੰ ਤਕਨਾਲੋਜੀ ਨਾਲ ਜੋੜ ਰਹੇ ਹਾਂ। ਕਿਸਾਨਾਂ ਲਈ ਨਵੀਆਂ ਸਿੰਚਾਈ ਯੋਜਨਾਵਾਂ ਅਤੇ ਖੇਤੀਬਾੜੀ ਵਿੱਚ ਨਵੀਂ ਤਕਨਾਲੋਜੀ ਲਿਆਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਸਾਡੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾ ਕੇ ਅਗਾਂਹਵਧੂ ਸੋਚ ਦਾ ਪ੍ਰਮਾਣ ਦਿੱਤਾ ਹੈ।
ਮੈਂ ਅੱਜ ਦੇ ਦਿਨ ਸਾਡੇ ਨੌਜਵਾਨਾਂ ਨੂੰ ਵੀ ਕਹਿਣਾ ਚਾਹਾਂਗਾ, ਤੁਸੀਂ ਸਾਡੇ ਦੇਸ਼ ਦਾ ਭਵਿੱਖ ਹੋ। ਤੁਹਾਡੇ ਅੰਦਰ ਅਸੀਮ ਉਰਜਾ ਅਤੇ ਨਵੀਂ ਸੋਚ ਦੀ ਸ਼ਕਤੀ ਹੈ। ਤੁਹਾਡਾ ਕੰਮ ਸਿਰਫ਼ ਚੰਗੀ ਨੌਕਰੀ ਕਰਨਾ ਨਹੀਂ, ਬਲਕਿ ਦੇਸ਼-ਸਮਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਹੈ।

ਆਓ ਅਸੀਂ ਨਸ਼ਿਆਂ ਤੋਂ ਦੂਰ ਰਹੀਏ, ਸਿਹਤਮੰਦ ਜੀਵਨ ਸ਼ੈਲੀ ਅਪਣਾਈਏ, ਤੇ ਤਕਨਾਲੋਜੀ ਨੂੰ ਸਹੀ ਤਰੀਕੇ ਨਾਲ ਵਰਤ ਕੇ ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕਰੀਏ।ਇਸ ਮੌਕੇ ਆਜ਼ਾਦੀ ਦਿਵਸ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਤੇ ਆਧਾਰਿਤ ਖੂਬਸੂਰਤ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਤੋਂ ਬਾਅਦ ਪਰੇਡ, ਸੱਭਿਆਚਾਰਕ ਟੀਮਾਂ ਤੇ ਵੱਖ-ਵੱਖ ਖੇਤਰਾਂ ਵਿੱਚ ਉਪਲੱਬਧੀਆਂ ਹਾਸਲ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਮੁੱਖ ਮਹਿਮਾਨ ਵਲੋਂ ਸਨਾਮਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ ਦਫਤਰ ਵਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ

Leave a Reply

Your email address will not be published. Required fields are marked *