ਜੀ.ਐਸ.ਟੀ ਮਾਲੀਏ ਦੇ ਵਾਧੇ ਲਈ ਮੈਰਿਜ ਪੈਲਿਸ ਦੇ ਮਾਲਕਾਂ ਨਾਲ ਕੀਤੀ ਗਈ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 12 ਨਵੰਬਰ:

ਪ੍ਰਬੰਧਕੀ ਸਕੱਤਰ (ਕਰ) ਸ਼੍ਰੀ ਅਜੀਤ ਬਾਲਾਜੀ ਜ਼ੋਸ਼ੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸ਼੍ਰੀ ਅਮਿਤ ਗੋਇਲ, ਸਹਾਇਕ ਕਮਿਸ਼ਨਰ ਰਾਜ ਕਰ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਮੈਰਿਜ ਪੈਲੇਸਾਂ ਦੇ ਮਾਲਕਾਂ ਅਤੇ ਪ੍ਰਤੀਨਿਧੀਆਂ ਨਾਲ ਮੀਟਿੰਗ ਆਯੋਜਿਤ ਕੀਤੀ ਗਈ।

ਮੀਟਿੰਗ ਦੌਰਾਨ ਵਿਭਾਗ ਵੱਲੋਂ ਮੈਰਿਜ ਪੈਲਸਾਂ ਦੁਆਰਾ ਘੱਟ ਅਦਾ ਕੀਤੇ ਜਾ ਰਹੇ ਜੀ.ਐਸ.ਟੀ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਗਈ। ਮੀਟਿੰਗ ਵਿੱਚ ਸ਼ਾਮਲ ਸਮੂਹ ਮੈਂਬਰਾਂ ਨੂੰ ਜੀ.ਐਸ.ਟੀ ਰਜਿਸਟ੍ਰੇਸ਼ਨ, ਰਿਟਰਨ ਭਰਨ ਅਤੇ ਟੈਕਸ ਦੀ ਅਦਾਇਗੀ ਸਮੇਂ ਸਿਰ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਵਿਭਾਗ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਪੈਲੇਸਾਂ ਵੱਲੋਂ ਪ੍ਰਾਪਤ ਕੀਤੇ ਜਾਣ ਵਾਲੇ ਕਿਰਾਏ ‘ਤੇ ਵੀ ਜੀ.ਐਸ.ਟੀ ਲਾਗੂ ਹੈ ਅਤੇ ਹਰ ਪੈਲੇਸ ਮਾਲਕ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਦੀ ਅਦਾਇਗੀ ਸਮੇਂ ਸਿਰ ਸਰਕਾਰ ਨੂੰ ਕਰਨੀ ਚਾਹੀਦੀ ਹੈ।

ਸਹਾਇਕ ਕਮਿਸ਼ਨਰ ਰਾਜ ਕਰ ਵੱਲੋਂ ਮੀਟਿੰਗ ਵਿੱਚ ਸ਼ਾਮਲ ਸਮੂਹ ਮੈਂਬਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਸਾਰੇ ਵਪਾਰਕ ਲੈਣ-ਦੇਣ ਬਿੱਲਾਂ ਰਾਹੀਂ ਕਰਨ ਅਤੇ ਟੈਕਸ ਦੇ ਯੋਗਦਾਨ ਨਾਲ ਸਰਕਾਰ ਦਾ ਮਾਲੀਆ ਵਧਾਉਣ ਵਿੱਚ ਆਪਣਾ ਯੋਗਦਾਨ ਪਾਉਣ। ਮੀਟਿੰਗ ਵਿੱਚ ਸ਼ਾਮਲ ਸਮੂਹ ਮੈਂਬਰਾਂ ਵੱਲੋਂ ਅਗਾਮੀ ਵਿਆਹਾਂ ਦੇ ਸ਼ੀਜਨ ਦੇ ਮੱਦੇਨਜ਼ਰ ਜੀ.ਐਸ.ਟੀ. ਵਿੱਚ ਵਾਧਾ ਕਰਨ ਸਬੰਧੀ ਭਰੋਸਾ ਦਿੱਤਾ ਗਿਆ।

ਇਸ ਮੀਟਿੰਗ ਵਿੱਚ ਕਰ ਵਿਭਾਗ ਵੱਲੋਂ ਸ਼੍ਰੀ ਮਨਜਿੰਦਰ ਸਿੰਘ, ਰਾਜ ਕਰ ਅਫ਼ਸਰ, ਸ਼੍ਰੀ ਗੁਰਿੰਦਰਜੀਤ ਸਿੰਘ, ਰਾਜ ਕਰ ਅਫ਼ਸਰ ਅਤੇ ਸ਼੍ਰੀ ਅਮਿਤ ਕੁਮਾਰ, ਰਾਜ ਕਰ ਅਫ਼ਸਰ ਵੀ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਸਿਲਵਰ ਪਾਲਮ ਪੈਲਸ ਵੱਲੋਂ ਸ਼੍ਰੀ ਸਵਾਰਿਤ ਗਗਨੇਜਾ, ਚਹਿਲ ਪੈਲੇਸ ਵੱਲੋਂ ਸ਼੍ਰੀ ਅੰਗਦਬੀਰ ਸਿੰਘ, ਕਿਸਾਨ ਰਿਜ਼ੋਰਟਸ ਵੱਲੋਂ ਸ਼੍ਰੀ ਰਾਹੁਲ, ਅਵਤਾਰ ਪੈਲੇਸ ਵੱਲੋਂ ਸ਼੍ਰੀ ਅਵਤਾਰ ਸਿੰਘ, ਪੰਜਾਬ ਰਿਜ਼ੋਰਟਸ ਵੱਲੋਂ ਸ਼੍ਰੀ ਸੁਰਿੰਦਰ ਕੁਮਾਰ, ਗ੍ਰੀਨ ਸੀਅ ਰਿਜ਼ੋਰਟਸ ਵੱਲੋਂ ਸ਼੍ਰੀ ਸ਼ੰਕਰ, ਦਿਆਲ ਅਤੇ ਸੋਹਨ ਪੈਲੇਸ ਦੇ ਮਾਲਕ ਸ਼੍ਰੀ ਸ਼ੁਭਜੋਤ ਸਿੰਘ, ਬਾਂਸਲ ਰਿਜੋਰਟਸ ਵੱਲੋਂ ਸ਼੍ਰੀ ਮੋਹਿਤ ਬਾਂਸਲ, ਸਟਾਰ ਵਿਊ ਰਿਜੋਰਟਸ ਵੱਲੋਂ ਸ਼੍ਰੀ ਪਰਮਿੰਦਰ ਸਿੰਘ, ਹੋਟਲ ਬੈਲਾ ਰੋਜ਼ ਵੱਲੋਂ ਸ਼੍ਰੀ ਅਰੁਣ, ਗਗਨ ਅਤੇ ਪੈਰਾਡਾਇਸ ਰਿਜੋਰਟਸ ਵੱਲੋਂ ਸ਼੍ਰੀ ਗੋਰਵ ਨਾਗਪਾਲ, ਗਾਰਡੇਨੀਆ ਰਿਜੋਰਟਸ ਵੱਲੋਂ ਸ਼੍ਰੀ ਸੁਨੀਲ, ਕੇ.ਐਸ ਹੋਟਲ ਵੱਲੋਂ ਸ਼੍ਰੀ ਸੰਦੀਪ ਕੁਮਾਰ ਅਤੇ ਪੰਜਾਬ ਪੈਲੇਸ ਵੱਲੋਂ ਸ਼੍ਰੀ ਸਾਧੂ ਰਾਮ ਵੀ ਮੌਜੂਦ ਰਹੇ।

Leave a Reply

Your email address will not be published. Required fields are marked *