ਨੰਗਲ ਦੇ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਨਾਲ ਦਰਜ ਹੋਵੇਗਾ 31 ਮਾਰਚ- ਹਰਜੋਤ ਬੈਂਸ

ਨੰਗਲ 29 ਮਾਰਚ:  ਨੰਗਲ ਸ਼ਹਿਰ ਲਈ 31 ਮਾਰਚ ਦਾ ਦਿਨ ਇਤਿਹਾਸਕ ਸਾਬਤ ਹੋਣ ਜਾ ਰਿਹਾ ਹੈ, ਜੋ ਆਉਣ ਵਾਲੀਆਂ ਪੀੜੀਆਂ ਵੱਲੋਂ ਵੀ ਯਾਦ ਰੱਖਿਆ ਜਾਵੇਗਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਣਥੱਕ ਮਿਹਨਤ ਅਤੇ ਵਚਨਬੱਧਤਾ ਸਦਕਾ ਨੰਗਲ ਵਿੱਚ ਵਿਕਾਸ ਦੀ ਇੱਕ ਨਵੀਂ ਲਹਿਰ ਦਿਖਾਈ ਦੇ ਰਹੀ ਹੈ। ਇਸ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਈ ਮਹੱਤਵਪੂਰਨ ਪ੍ਰੋਜੈਕਟਾਂ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ, ਜੋ ਨਾ ਸਿਰਫ ਇਲਾਕੇ ਦੇ ਢਾਂਚਾਗਤ ਵਿਕਾਸ ਨੂੰ ਮਜ਼ਬੂਤ ਕਰਨਗੇ, ਸਗੋਂ ਲੋਕਾਂ ਦੀ ਜੀਵਨਸ਼ੈਲੀ ਵਿੱਚ ਵੀ ਸੁਧਾਰ ਲਿਆਉਣਗੇ।
       ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਪੰਜਾਬ ਨੇ ਅੱਜ ਐਨ.ਐਫ.ਐਲ ਗਰਾਊਡ ਵਿੱਚ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਦੱਸਿਆ ਕਿ 10 ਕਰੋੜ ਰੁਪਏ ਦੀ ਲਾਗਤ ਨਾਲ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਨੰਗਲ ਵਿੱਚ ਬਣਾਇਆ ਜਾ ਰਿਹਾ ਹੈ। ਇਹ ਪ੍ਰੋਜੈਕਟ ਟੂਰਿਜ਼ਮ ਨੂੰ ਵਧਾਵੇਗਾ ਅਤੇ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ। ਇਸ ਦੇ ਨਾਲ ਹੀ 23 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ “ਸ਼ਹੀਦ ਕੈਪਟਨ ਅਮੋਲ ਕਾਲੀਆ ਸੈਂਟਰ ਆਫ ਐਕਸੀਲੈਂਸ” ਨੌਜਵਾਨਾਂ ਲਈ ਰੋਜ਼ਗਾਰ ਅਤੇ ਕਿੱਤਾ ਸਿਖਲਾਈ ਦੇ ਨਵੇਂ ਰਾਹ ਖੋਲ੍ਹੇਗਾ, ਜਿਸ ਵਿੱਚ ਡਰੋਨ ਟ੍ਰੇਨਿੰਗ ਅਤੇ ਏਅਰ ਹੋਸਟਸ ਵਰਗੀਆਂ ਆਧੁਨਿਕ ਟਰੇਡਾਂ ਸ਼ੁਰੂ ਕੀਤੀਆਂ ਜਾਣਗੀਆਂ।
      ਇਸ ਤੋਂ ਇਲਾਵਾ, 17 ਕਰੋੜ ਰੁਪਏ ਦੀ ਲਾਗਤ ਨਾਲ ਸੁੱਧ ਪੀਣਯੋਗ ਪਾਣੀ ਦੀ ਸਪਲਾਈ ਲਈ ਇੱਕ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਨੰਗਲ ਵਾਸੀਆਂ ਨੂੰ ਸੁੱਧ ਜਲ ਸਪਲਾਈ ਦੀ ਸਹੂਲਤ ਪ੍ਰਾਪਤ ਹੋਵੇਗੀ। ਸਕੂਲ ਆਫ ਐਮੀਨੈਂਸ ਵਿੱਚ 500 ਸਮਰੱਥਾ ਵਾਲੇ ਆਡੀਟੋਰੀਅਮ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ, ਜੋ ਵਿਦਿਆਰਥੀਆਂ ਲਈ ਅਕਾਦਮਿਕ ਅਤੇ ਸਾਂਸਕ੍ਰਿਤਿਕ ਗਤੀਵਿਧੀਆਂ ਦਾ ਕੇਂਦਰ ਬਣੇਗਾ। ਇਹ ਸਾਰੇ ਪ੍ਰੋਜੈਕਟ ਮਿਲ ਕੇ ਨੰਗਲ ਦੇ ਵਿਕਾਸ ਨੂੰ ਯਕੀਨੀ ਬਣਾਉਣਗੇ ਅਤੇ ਇਲਾਕੇ ਦੀ ਤਸਵੀਰ ਨੂੰ ਨਵਾਂ ਰੂਪ ਦੇਣਗੇ।
        ਐਨਐਫਐਲ ਗਰਾਊਂਡ ਵਿੱਚ ਹੋਣ ਵਾਲੀ ਮੈਗਾ ਵਿਕਾਸ ਰੈਲੀ ਵੀ ਇਸ ਦਿਨ ਦੀ ਖਾਸ ਪਹਿਚਾਣ ਬਣੇਗੀ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਹੋਵੇਗੀ ਅਤੇ ਇਹ ਰੈਲੀ ਨੰਗਲ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖੇਗੀ ਜਿਸ ਨੂੰ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਸੰਬੋਧਨ ਕਰਨਗੇ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਇਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ, ਤਾਂ ਜੋ ਹਰ ਪ੍ਰਬੰਧ ਸੁਚੱਜੇ ਢੰਗ ਨਾਲ ਹੋ ਸਕੇ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਆਵੇ।
      ਪੰਜਾਬ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਦੇ ਕਈ ਨਵੇਂ ਮਾਪਦੰਡ ਸਥਾਪਿਤ ਕੀਤੇ ਗਏ ਹਨ। ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਕੈਸ਼ਲੈੱਸ ਇਲਾਜ, ਮਹਿਲਾਵਾਂ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਰਾਹੀ ਵਾਅਦਾ ਨਿਭਾਉਣ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਰਗੇ ਫ਼ੈਸਲੇ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਸ.ਬੈਂਸ ਨੇ ਕਿਹਾ ਕਿ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਵੀ ਕਾਫ਼ੀ ਸੁਧਾਰ ਆਇਆ ਹੈ। ਨੰਗਲ ਵਿੱਚ 31 ਮਾਰਚ ਨੂੰ ਹੋਣ ਵਾਲਾ ਇਹ ਵੱਡਾ ਸਮਾਗਮ ਇਨ੍ਹਾਂ ਸਭ ਉਪਲਬਧੀਆਂ ਨੂੰ ਲੋਕਾਂ ਸਾਹਮਣੇ ਰੱਖਣ ਦਾ ਮੌਕਾ ਸਾਬਤ ਹੋਵੇਗਾ ਅਤੇ ਇਲਾਕੇ ਦੇ ਭਵਿੱਖ ਲਈ ਨਵੇਂ ਰਸਤੇ ਖੋਲ੍ਹੇਗਾ। ਐਨਐਫਐਲ ਗਰਾਊਡ ਵਿਚ ਮੈਗਾ ਵਿਕਾਸ ਰੈਲੀ ਦੀਆਂ ਤਿਆਰੀਆਂ ਬੀਤੇ ਕਈ ਦਿਨਾਂ ਤੋ ਚੱਲ ਰਹੀਆਂ ਹਨ, ਜਿਨ੍ਹਾਂ ਦਾ ਜਿਲ੍ਹਾ ਅਧਿਕਾਰੀਆਂ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਹੈ।

Leave a Reply

Your email address will not be published. Required fields are marked *