ਸਿਹਤ ਮੰਤਰੀ ਵੱਲੋਂ ਲੁਧਿਆਣਾ ਦੇ ਲਾਰਡ ਮਹਾਵੀਰ ਸਿਵਲ ਹਸਪਤਾਲ ‘ਚ ਆਧੁਨਿਕ ਥੈਲਸੀਮੀਆ ਵਾਰਡ ਦਾ ਉਦਘਾਟਨ

ਲੁਧਿਆਣਾ, 10 ਅਗਸਤ  (000) – ਵਿਸ਼ੇਸ਼ ਸਿਹਤ ਸੇਵਾਵਾਂ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ, ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਫ਼ਿਲੈਂਥਰਪੀ ਕਲੱਬ ਦੇ ਸਹਿਯੋਗ ਨਾਲ ਅੱਜ ਲੁਧਿਆਣਾ ਦੇ ਲਾਰਡ ਮਹਾਵੀਰ ਸਿਵਲ ਹਸਪਤਾਲ ਵਿੱਚ ਪੂਰੀ ਤਰ੍ਹਾਂ ਸਜਾਇਆ ਗਿਆ ਆਧੁਨਿਕ ਥੈਲਸੀਮੀਆ ਵਾਰਡ ਸ਼ੁਰੂ ਕੀਤਾ ਗਿਆ। ਇਹ ਵਾਰਡ ਲੁਧਿਆਣਾ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਸੈਂਕੜੇ ਮਰੀਜ਼ਾਂ ਨੂੰ ਨਿਯਮਿਤ ਖੂਨ ਚੜ੍ਹਾਉਣ, ਵਿਸ਼ੇਸ਼ ਕੌਂਸਲਿੰਗ ਅਤੇ ਆਧੁਨਿਕ ਇਲਾਜ ਦੀ ਸਹੂਲਤ ਪ੍ਰਦਾਨ ਕਰੇਗਾ।

ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਈ ਦੇਸ਼ਾਂ ਵਿੱਚ ਥੈਲਸੀਮੀਆ ਪੂਰੀ ਤਰ੍ਹਾਂ ਖਤਮ ਕੀਤਾ ਜਾ ਚੁੱਕਾ ਹੈ ਅਤੇ ਪੰਜਾਬ ਵੀ ਇਸੇ ਮੰਜ਼ਿਲ ਵੱਲ ਵਧ ਰਿਹਾ ਹੈ। ਇਸ ਮਿਸ਼ਨ ਤਹਿਤ, ਕੋਲ ਇੰਡੀਆ ਤੋਂ ਫੰਡ ਪ੍ਰਾਪਤ ਕਰਕੇ ਬੋਨ ਮੈਰੋ ਟ੍ਰਾਂਸਪਲਾਂਟ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਸੀ ਐਮ ਸੀ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਥੈਲਸੀਮੀਆ ਮਰੀਜ਼ਾਂ ਦੇ ਮੁਫ਼ਤ ਆਪਰੇਸ਼ਨ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਜ਼ੋਰ ਦਿੱਤਾ ਕਿ ਇਹ ਵਾਰਡ ਸਿਰਫ਼ ਇੱਕ ਮੈਡੀਕਲ ਸਹੂਲਤ ਨਹੀਂ, ਸਗੋਂ ਉਮੀਦ, ਦਇਆ ਅਤੇ ਤਰੱਕੀ ਦੀ ਨਿਸ਼ਾਨੀ ਹੈ। ਕੋਈ ਵੀ ਬੱਚਾ ਜਾਂ ਪਰਿਵਾਰ ਇਲਾਜ ਤੋਂ ਵਾਂਝਾ ਨਾ ਰਹਿ ਜਾਵੇ – ਇਹ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।  ਪੰਜਾਬ ਸਰਕਾਰ ਆਧੁਨਿਕ ਸਿਹਤ ਢਾਂਚੇ, ਮਾਹਿਰ ਮੈਡੀਕਲ ਟੀਮਾਂ ਅਤੇ ਮਰੀਜ਼ ਸਹਾਇਤਾ ਸੇਵਾਵਾਂ ਵਿੱਚ ਨਿਰੰਤਰ ਨਿਵੇਸ਼ ਕਰਦੀ ਰਹੇਗੀ ਤਾਂ ਜੋ ਸਭ ਤੋਂ ਵਧੀਆ ਨਤੀਜੇ ਮਿਲ ਸਕਣ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਨਾਲ ਜੁੜਨ ਲਈ ਵੀ ਅਪੀਲ ਕੀਤੀ ਅਤੇ 20,000 ਆਸ਼ਾ ਵਰਕਰਾਂ ਅਤੇ ਨਰਸਿੰਗ ਵਿਦਿਆਰਥੀਆਂ ਦੇ ਸਮਰਪਿਤ ਯੋਗਦਾਨ ਦੀ  ਸ਼ਲਾਘਾ ਕੀਤੀ, ਜੋ ਰਾਜ ਭਰ ਵਿੱਚ ਵੈਕਟਰ-ਬੋਰਨ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਸਰਗਰਮ ਹਨ।

ਇਸ ਮੌਕੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ,  ਹਲਕਾ ਕੇਂਦਰੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਐਸ.ਡੀ.ਐਮ. ਜਸਲੀਨ ਕੌਰ ਭੁੱਲਰ ਅਤੇ ਡਾ. ਰਮਨਦੀਪ ਕੌਰ, ਸਿਵਲ ਸਰਜਨ ਲੁਧਿਆਣਾ ਹਾਜ਼ਰ ਸਨ। ਇਸ ਤੋਂ ਇਲਾਵਾ ਡਿੱਕੀ ਛੱਬੜਾ, ਵਿਮੀ ਬਾਜਾਜ, ਅਨੂ ਗੁਪਤਾ, ਸਿਮਰਤ ਕਥੂਰੀਆ, ਜੈਜ਼ ਭੋਗਲ ਅਤੇ ਨਿਸ਼ਾ ਸ਼ਰਮਾ ਵੀ ਮੌਜੂਦ ਸਨ।

Leave a Reply

Your email address will not be published. Required fields are marked *