‘ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਸਲੱਮ ਏਰੀਏ ‘ਚ ਲਾਰਵੇ ਦੀ ਚੈਕਿੰਗ

 ਮਾਨਸਾ 28 ਨਵੰਬਰ:

          ਸਿਹਤ ਵਿਭਾਗ ਵੱਲੋਂ ‘ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਮਾਨਸਾ ਸ਼ਹਿਰ ਦੇ ਸਲਮ ਏਰੀਆ ਨੇੜੇ ਰੇਲਵੇ ਲਾਈਨ ਵਿਖੇ ਬ੍ਰੀਡਿੰਗ ਚੈਕਿੰਗ,ਸਪਰੇਅ ਅਤੇ ਜਾਗਰੂਕਤਾ ਕੈਂਪ ਲਗਾ ਕੇ ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਲਾਰਵਾ ਮਿਲਣ ‘ਤੇ ਲਾਰਵੀਸਾਈਡ ਦਾ ਛਿੜਕਾਅ ਵੀ ਕੀਤਾ ਗਿਆ l

       ਇਸ ਮੌਕੇ ਜ਼ਿਲ੍ਹਾ ਐਪੀਡਮੈਲੋਜਿਸਟ, ਸ੍ਰੀ ਸੰਤੋਸ਼ ਭਾਰਤੀ ਨੇ ਦੱਸਿਆ ਕਿ ਖੜ੍ਹੇ ਪਾਣੀ ਕਾਰਨ ਵੈਕਟਰ ਬੋਰਨ ਬਿਮਾਰੀਆਂ ਜਿਵੇਂ ਕਿ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਫੈਲ ਸਕਦੀਆਂ ਹਨ। ਇਸ ਨੂੰ ਰੋਕਣ ਲਈ ਇਮਾਰਤਾਂ/ਘਰਾਂ ਦੀਆਂ ਛੱਤਾਂ ‘ਤੇ ਪਏ ਟਾਇਰਾਂ, ਟੁੱਟੇ ਭੱਜੇ ਬਰਤਨਾਂ, ਕਬਾੜ ਦੀਆਂ ਦੁਕਾਨਾਂ ‘ਤੇ ਪਏ ਕਬਾੜ ਆਦਿ ਨੂੰ ਖਾਲੀ ਕਰਕੇ ਸੁਕਾਉਣਾ ਚਾਹੀਦਾ ਹੈ l ਫਰਿੱਜ ਦੀ ਟ੍ਰੇਅ, ਮਨੀ ਪਲਾਂਟ ਵਾਲੀ ਬੋਤਲ ਦੇ ਪਾਣੀ ਨੂੰ ਹਫ਼ਤੇ ਇੱਕ ਵਾਰ ਖਾਲੀ ਕਰਕੇ ਸੁਕਾਉਣ ਉਪਰੰਤ ਦੁਬਾਰਾ ਪਾਣੀ ਭਰਨਾ ਚਾਹੀਦਾ ਹੈl ਉਨ੍ਹਾਂ ਕਿਹਾ ਕਿ ਜੇਕਰ ਇੰਨ੍ਹਾਂ ਥਾਵਾਂ ਨੂੰ ਸਾਫ ਕਰਕੇ ਸੁਕਾਇਆ ਨਾ ਜਾਵੇ ਤਾਂ ਮੱਛਰ ਪੈਦਾ ਹੁੰਦਾ ਹੈ, ਜੋ ਡੇਂਗੂ ਦੇ ਫੈਲਣ ਦਾ ਕਾਰਨ ਬਣਦਾ ਹੈ। ਡੇਂਗੂ ਦਾ ਬੁਖਾਰ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ।

       ਇਸ ਮੌਕੇ ਉਪ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਉਲਟੀਆਂ, ਅੱਖਾਂ ਅਤੇ ਸਰੀਰ ਦੇ ਪਿਛਲੇ ਹਿੱਸੇ ਵਿਚ ਦਰਦ, ਜੋੜਾਂ ਅਤੇ ਹੱਡੀਆਂ ਵਿੱਚ ਦਰਦ ਆਦਿ ਦੇ ਲੱਛਣ ਹੋਣ ਤਾਂ ਨੇੜੇ ਦੀ ਸਿਹਤ ਸੰਸਥਾ ਵਿੱਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਮੱਛਰ ਦੇ ਕੱਟਣ ਤੋਂ ਬਚਾਅ ਲਈ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਸੌਣ ਸਮੇਂ ਮੱਛਰ ਭਜਾਉ ਕਰੀਮਾਂ ਅਤੇ ਮੱਛਰਦਾਨੀਆਂ ਦਾ ਪ੍ਰਯੋਗ ਵੀ ਕੀਤਾ ਜਾਣਾ ਚਾਹੀਦਾ ਹੈ। ਡੇਂਗੂ ਦੀ ਜਾਂਚ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤੀ ਜਾਂਦੀ ਹੈ। ਆਸ਼ਾ ਵਰਕਰ ਘਰ ਘਰ ਜਾ ਕੇ ਸ਼ੱਕੀ ਮਰੀਜ਼ਾਂ ਦੀ ਸ਼ਨਾਖ਼ਤ ਕਰਕੇ ਕੈਂਪ ਵਿੱਚ ਲਿਆ ਕੇ ਡਾਕਟਰ ਦੇ ਦੱਸੇ ਅਨੁਸਾਰ ਟੈਸਟ ਕਰਵਾ ਰਹੇ ਹਨ।

                ਇਸ ਮੌਕੇ ਸਿਹਤ ਸੁਪਰਵਾਈਜ਼ਰ ਸੰਜੀਵ ਕੁਮਾਰ ਸ਼ਰਮਾ ਅਤੇ ਰਾਮ ਕੁਮਾਰ, ਇਨਸੈਕਟ ਕੁਲੈਕਟਰ ਕ੍ਰਿਸ਼ਨ ਕੁਮਾਰ, ਸਿਹਤ ਕਰਮਚਾਰੀ, ਬਲਜੀਤ ਸਿੰਘ ਅਤੇ ਗੁਰਿੰਦਰਜੀਤ ਸ਼ਰਮਾ, ਏ.ਐਨ.ਐਮ.,ਆਸ਼ਾ ਵਰਕਰਾਂ ਅਤੇ ਬਰੀਡਿੰਗ ਚੈੱਕਰ ਮੌਜੂਦ ਸਨ।

Leave a Reply

Your email address will not be published. Required fields are marked *