ਮੌਕ ਸੈਸ਼ਨ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ

ਸ੍ਰੀ ਅਨੰਦਪੁਰ ਸਾਹਿਬ/ ਚੰਡੀਗੜ੍ਹ, 26 ਨਵੰਬਰ:

ਭਾਰਤ ਦੇ ਸੰਵਿਧਾਨ ਦਿਵਸ ਮੌਕੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਸਬੰਧੀ ਸਥਾਪਤ ਕੀਤੀ ਗਈ ਪੰਜਾਬ ਵਿਧਾਨ ਸਭਾ ਵਿਚ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਵਿਧਾਨ ਸਭਾ ਦਾ ਮੌਕ ਸੈਸ਼ਨ ਕਰਵਾਇਆ ਗਿਆ।

ਭਾਵੇਂ ਇਹ ਇੱਕ ਮੌਕ ਸੈਸ਼ਨ ਸੀ ਪ੍ਰੰਤੂ ਜਿਸ ਤਰ੍ਹਾਂ ਪੰਜਾਬ ਦੇ 117 ਵਿਧਾਇਕਾਂ ਦੇ ਪ੍ਰਤੀਨਿਧਾਂ ਵਲੋਂ ਅੱਜ ਆਪਣੀ ਭੂਮਿਕਾ ਨਿਭਾਈ ਗਈ ਉਸ ਤੋਂ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਇਹ ਪੰਜਾਬ ਵਿਧਾਨ ਸਭਾ ਦਾ ਇਜਲਾਸ ਹੀ ਹੋਵੇ।

ਧੂਰੀ ਦੇ ਵਿਧਾਇਕ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਪ੍ਰਤੀਨਿਧ ਸਕੂਲ ਆਫ਼ ਐਮੀਨੈਂਸ ਘਨੌਰੀ ਕਲਾਂ ਦੇ ਵਿਦਿਆਰਥੀ ਹਰਿਕਮਲਦੀਪ ਸਿੰਘ ਨੇ ਸਦਨ ਦੀ  ਪੂਰੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਹਮਲਿਆਂ ਨੂੰ ਤੱਥਾਂ ਦੇ ਆਧਾਰ ‘ਤੇ ਬੇਅਸਰ ਕੀਤਾ।

ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਪ੍ਰਤੀਨਿਧ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਧੰਦਲ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਪੰਜਾਬ ਨਾਲ ਸਬੰਧਤ ਕਈ ਮਸਲੇ ਚੁੱਕੇ ਅਤੇ ਉਨ੍ਹਾਂ ਦੀ ਮੁੱਖ ਮੰਤਰੀ ਦੇ ਪ੍ਰਤੀਨਿਧ ਨਾਲ ਕਈ ਵਾਰ ਤਕਰਾਰ ਹੋਈ।

ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਪ੍ਰਤੀਨਿਧ ਕੁਲਤਾਰ ਸਿੰਘ ਸੰਧਵਾਂ ਦੇ ਪ੍ਰਤੀਨਿਧ ਐਚ.ਐਸ.ਐਨ. ਸਕੂਲ ਆਫ਼ ਐਮੀਨੈਂਸ ਜੈਤੋ ਦੇ ਵਿਦਿਆਰਥੀ ਜਗਮੰਦਰ ਸਿੰਘ ਨੇ ਸਦਨ ਦੀ ਕਾਰਵਾਈ ਨੂੰ ਬਾਖੂਬੀ ਚਲਾਇਆ ਅਤੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਝਗੜੇ ਨੂੰ ਬਹੁਤ ਗੰਭੀਰਤਾ ਨਾਲ ਸੁਲਝਾਇਆ। ਸੈਸ਼ਨ ਦੌਰਾਨ ਉਨ੍ਹਾਂ ਨੇ ਕਾਰਵਾਈ ਦੋ ਵਾਰ ਸਥਗਿਤ ਕੀਤੀ।

ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪ੍ਰਤੀਨਿਧ ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਦੇ ਵਿਦਿਆਰਥੀ ਦਲਜੀਤ ਸਿੰਘ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਬਾਰੇ ਸਦਨ ਨੂੰ ਜਾਣੂ ਕਰਵਾਇਆ।

ਸੈਸ਼ਨ ਦੌਰਾਨ ਪੱਟੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪ੍ਰਤੀਨਿਧ ਵਿਦਿਆਰਥੀ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਪੱਤਣ ਦੇ ਗੁਰਸੇਵਕ ਸਿੰਘ ਵਲੋਂ ਨਿਭਾਈ ਗਈ ਭੂਮਿਕਾ ਨੂੰ ਦਰਸ਼ਕ ਨੇ ਬਹੁਤ ਸਲਾਹਿਆ।

ਗੁਰਸੇਵਕ ਸਿੰਘ ਨੇ ਪੂਰੀ ਕਾਰਵਾਈ ਦੌਰਾਨ ਵਿਰੋਧੀ ਧਿਰ ਵਲੋਂ ਸਰਕਾਰ ਉਤੇ ਚੁੱਕੇ ਗਏ ਸਵਾਲਾਂ ਦਾ ਜ਼ੋਰ ਸੋਰ ਨਾਲ ਜਵਾਬ ਦਿੱਤਾ ਦਿੱਤੇ। ਗੁਰਸੇਵਕ ਸਿੰਘ ਦੀ ਸ਼ੈਲੀ ਇਸ ਤਰ੍ਹਾਂ ਸੀ ਜਿਵੇਂ ਉਹ ਸੀਨੀਅਰ ਵਿਧਾਨਕਾਰ ਹੋਵੇ।

Leave a Reply

Your email address will not be published. Required fields are marked *