ਪਿੰਡ ਜਲਾਲਾਬਾਦ ਵਿਖੇ ਫਾਰਮਰ ਰਜਿਸਟਰੀ ਕੈਂਪ ਲਗਾਇਆ ਅਤੇ ਕਣਕ ਦਾ ਨਾੜ ਨਾ ਸਾੜਨ ਦੀ ਕੀਤੀ ਅਪੀਲ

ਖਡੂਰ ਸਾਹਿਬ, 17 ਮਾਰਚ :

       ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਫਾਰਮਰ ਰਜਿਸਟਰੀ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿਚ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਨਾਲ ਜੋੜਨ ਦੇ ਨਾਲ-ਨਾਲ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦਾ ਨਾੜ ਸਾੜਨ ਦੀ ਥਾਂ ਖੇਤੀ ਮਿੱਤਰ ਤਕਨੀਕਾਂ ਅਪਣਾਉਣ। ਇਹ ਕੈਂਪ ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਰਾਹੁਲ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲਗਾਏ ਜਾ ਰਹੇ ਹਨ । ਬਲਾਕ ਖੇਤੀਬਾੜੀ ਅਫਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਜਲਾਲਾਬਾਦ ਵਿਖੇ ਡਾ. ਯਾਦਵਿੰਦਰ ਸਿੰਘ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਦੇ ਹਨ ਅਤੇ ਇਨ੍ਹਾਂ  ਕੈਂਪਾਂ ਵਿਚ ਕਿਸਾਨਾਂ ਦੀ ਕਾਮਨ ਸਰਵਿਸ ਸੈਂਟਰਾਂ ਦੇ ਮੁਲਾਜ਼ਮਾਂ ਵੱਲੋਂ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਕਿਸਾਨਾਂ ਨੂੰ ਫ਼ਸਲੀ ਬੀਮਾ, ਕਿਸਾਨ ਸਨਮਾਨ ਨਿਧੀ, ਮੁਫ਼ਤ ਮਿੱਟੀ ਪ੍ਰੀਖਣ ਅਤੇ ਸਬਸਿਡੀ ਵਾਲੀਆਂ ਖ਼ਾਦਾਂ ਦਾ ਲਾਭ ਮਿਲੇਗਾ।
        ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਕਿਸਾਨ ਹੁਣ ਤੱਕ ਰਜਿਸਟਰ ਨਹੀਂ ਹੋਏ,  ਉਹ ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼ ਲੈ ਕੇ ਆਪਣੀ ਯੂਨੀਕ ਫਾਰਮਰ ਆਈ ਡੀ ਬਣਾਉਣ। ਦਸਤਾਵੇਜ਼ਾਂ ਵਿਚ ਆਧਾਰ ਕਾਰਡ (ਕਿਸਾਨ ਅਤੇ ਪਰਿਵਾਰਕ ਮੈਂਬਰਾਂ ਦਾ), ਜ਼ਮੀਨ ਦੀ ਫਰਦ/ਜਮਾਂਬੰਦੀ, ਬੈਂਕ ਖਾਤੇ ਦੀ ਪਾਸਬੁੱਕ, ਮੋਬਾਈਲ ਨੰਬਰ (ਆਧਾਰ ਨਾਲ ਲਿੰਕ) ਆਦਿ ਹੋਣਾ ਚਾਹੀਦਾ ਹੈ।
       ਅਗਲੇ ਵਿਸ਼ੇ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕਣਕ ਦੀ ਕਟਾਈ ਤੋਂ ਬਾਅਦ ਨਾੜ ਸਾੜਨ ਦੀ ਸਮੱਸਿਆ ਪੰਜਾਬ ਵਿਚ ਹਰ ਸਾਲ ਵੱਡੀ ਚੁਣੌਤੀ ਬਣ ਜਾਂਦੀ ਹੈ। ਇਸ ਨਾਲ ਹਵਾ ਪ੍ਰਦੂਸ਼ਣ ਵਧਦਾ ਹੈ, ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਲੋਕਾਂ ਵਿਚ ਸਾਹ ਦੀਆਂ ਬਿਮਾਰੀਆਂ ਵੱਧਦੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਨੇ ਸਾਫ਼ ਕਿਹਾ ਹੈ ਕਿ ਨਾੜ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜ਼ੁਰਮਾਨਾ ਲਗਾਇਆ ਜਾਵੇਗਾ।
        ਡਾ. ਯਾਦਵਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਨਾੜ ਸਾੜਨ ਦੀ ਥਾਂ ਹੈਪੀ ਸੀਡਰ, ਰੋਟਾਵੇਟਰ ਜਾਂ ਮਲਚਿੰਗ ਮਸ਼ੀਨਾਂ ਦੀ ਵਰਤੋਂ ਕਰਨ। ਇਹ ਮਸ਼ੀਨਾਂ ਸਬਸਿਡੀ ‘ਤੇ ਉਪਲਬੱਧ ਹਨ ਅਤੇ ਇਨ੍ਹਾਂ ਨਾਲ ਜ਼ਮੀਨ ਦੀ ਸਿਹਤ ਬਰਕਰਾਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਨਾੜ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਜੋ ਮਿੱਟੀ ਲਈ ਬਹੁਤ ਫਾਇਦੇਮੰਦ ਹਨ। ਉਨਾਂ ਨੇ ਬਦਲਵੇ ਹੱਲ ਦੀ ਗੱਲ ਕਰਦਿਆਂ ਦੱਸਿਆ ਕਿ ਨਾੜ ਸਾੜਨ ਦੀ ਲੋੜ ਨਹੀਂ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਖ-ਵੱਖ ਵਿਕਲਪ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਨਾੜ ਸਾੜਨ ਤੋਂ ਬਚ ਸਕਣ। ਹੈਪੀ ਸੀਡਰ ਮਸ਼ੀਨ ਨਾਲ ਕਣਕ ਦੇ ਨਾੜ ਵਿਚੋਂ ਹੀ ਅਗਲੀ ਫ਼ਸਲ ਬੀਜੀ ਜਾ ਸਕਦੀ ਹੈ। ਇਸ ਨਾਲ ਖ਼ਾਦ ਦੀ ਖ਼ਪਤ ਘੱਟਦੀ ਹੈ ਅਤੇ ਝਾੜ ਵਧਦਾ ਹੈ।
      ਅਖ਼ੀਰ ਵਿਚ ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਅੰਨਦਾਤੇ ਹਨ। ਉਨ੍ਹਾਂ ਦੀ ਭਲਾਈ ਸਾਡੀ ਤਰਜੀਹ ਹੈ। ਰਜਿਸਟਰੀ ਕੈਂਪਾਂ ਵਿਚ ਹਿੱਸਾ ਲਓ ਅਤੇ ਨਾੜ ਨਾ ਸਾੜ ਕੇ ਵਾਤਾਵਰਣ ਦੀ ਰੱਖਿਆ ਵਿਚ ਯੋਗਦਾਨ ਪਾਓ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਟੈਕਨੋਲੋਜੀ ਮੈਨੇਜਰ ਕਮਲਜੀਤ ਕੌਰ, ਗੁਰਪ੍ਰਤਾਪ ਸਿੰਘ, ਭੁਪਿੰਦਰ ਸਿੰਘ, ਬੇਅੰਤ ਸਿੰਘ, ਮੁਖਤਾਰ ਸਿੰਘ, ਬਲਦੇਵ ਸਿੰਘ, ਕਰਤਾਰ ਸਿੰਘ, ਸਤਨਾਮ ਸਿੰਘ, ਹਜ਼ਾਰਾ ਸਿੰਘ ਤੇ ਪਿੰਡ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *