ਨਸ਼ਿਆਂ ਨੂੰ ਮੁਕੰਮਲ ਤੌਰ ਉਤੇ ਠੱਲ੍ਹ ਪਾਉਣ ਲਈ ਹਰ ਜਿਲਾ ਵਾਸੀ ਸਹਿਯੋਗ ਦੇਵੇ- ਡਿਪਟੀ ਕਮਿਸ਼ਨਰ

ਨਸ਼ਿਆਂ ਨੂੰ ਮੁਕੰਮਲ ਤੌਰ ਉਤੇ ਠੱਲ੍ਹ ਪਾਉਣ ਲਈ ਹਰ ਜਿਲਾ ਵਾਸੀ ਸਹਿਯੋਗ ਦੇਵੇ- ਡਿਪਟੀ ਕਮਿਸ਼ਨਰ
ਲੋਕਾਂ ਦੇ ਸਾਥ ਬਿਨਾਂ ਨਸ਼ੇ ਦਾ ਪੂਰੀ ਤਰਾਂ ਖਾਤਮਾ ਅਸੰਭਵ-ਪੁਲਿਸ ਕਮਿਸ਼ਨਰ
ਅੰਮ੍ਰਿਤਸਰ 25 ਜੂਨ –
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਿਆਂ ਤੋਂ ਮੁਕੰਮਲ ਤੌਰ ਉੱਤੇ ਮੁਕਤ ਕਰਨ ਲਈ ਪੰਜਾਬ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਸ਼ੇ ਨੂੰ ਮੁਕੰਮਲ ਤੌਰ ਉਤੇ ਠੱਲ ਪਾਉਣ ਲਈ ਹਰ ਜਿਲ੍ਹਾ ਵਾਸੀ ਦੇ ਸਾਥ ਦੀ ਲੋੜ ਹੈ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਨਸ਼ਿਆਂ ਦੀ ਮੌਜੂਦਾ ਸਥਿਤੀ ਬਾਬਤ ਸਿਵਲ, ਪੁਲਿਸ, ਬੀ ਐਸ ਐਫ ਅਤੇ ਹੋਰ ਕੇਂਦਰੀ ਏਜੰਸੀਆਂ ਦੇ ਅਧਿਕਾਰੀੱਆਂ ਨਾਲ ਮੀਟਿੰਗ ਕਰਦੇ ਕਿਹਾ ਕਿ ਨਸ਼ਿਆਂ ਖਿਲਾਫ ਲੜਾਈ ਵਿੱਚ ਸਮੂਹ ਨਾਗਰਿਕਾਂ ਦੇ ਸਰਗਰਮ ਸਹਿਯੋਗ ਦੀ ਲੋੜ ਹੈ।
 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁਲਿਸ ਕਮਿਸ਼ਨਰ ਸ ਰਣਜੀਤ ਸਿੰਘ ਢਿਲੋਂ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਕੀਤੀ ਤਾਲਮੇਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਕਿਹਾ ਕਿ ਸਮਾਜ ਵਿੱਚੋ ਨਸ਼ਿਆਂ ਦੇ ਖਾਤਮੇ ਲਈ ਇਕ ਅੰਦੋਲਨ ਦੀ ਲੋੜ ਹੈ ਜਿਸ ਵਿੱਚ ਹਰ ਵਰਗ ਦਾ ਸ਼ਾਮਿਲ ਹੋਣਾ ਜਰੂਰੀ ਹੈ ਤਾਂ ਹੀ ਇਸ ਸਮਾਜਿਕ ਬੁਰਾਈ ਖਾਤਮਾ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਕੇਵਲ ਨਸ਼ਾ ਸਮਗਲਰ ਫੜਨ ਨਾਲ ਇਹ ਮਸਲਾ ਹੱਲ ਨਹੀਂ ਹੋ ਸਕਦਾ, ਇਸ ਲਈ ਨਸ਼ੇ ਦੀ ਮੰਗ ਖਤਮ ਕਰਨੀ ਅਤੇ ਨਸ਼ਾ ਲੈ ਰਹੇ ਬੱਚਿਆਂ ਦਾ ਇਲਾਜ ਕਰਵਾਉਣਾ ਵੀ ਜਰੂਰੀ ਹੈ। ਉਨਾਂ ਕਿਹਾ ਕਿ ਅਸੀਂ ਹਰ ਤਰਾਂ ਨਾਲ ਤਿਆਰ ਹਾਂ, ਪਰ ਲੋਕਾਂ ਦੇ ਸਾਥ ਦੀ ਲੋੜ ਹੈ, ਜੋ ਕਿ ਨਸ਼ੇ ਖਿਲਾਫ ਅਵਾਜ ਬੁਲੰਦ ਕਰਨ।
ਇਸ ਮੌਕੇ ਪੁਲਿਸ ਕਮਿਸ਼ਨਰ ਸ ਰਣਜੀਤ ਸਿੰਘ ਢਿਲੋਂ ਨੇ ਕਿਹਾ ਕਿ ਸਮਾਜ ਵਿੱਚ ਆਪਣੇ ਨਿੱਜੀ ਸਵਾਰਥਾਂ ਲਈ ਭੋਲੇ ਭਾਲੇ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੇ ਹੋਏ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਸਰਹੱਦੀ ਪੱਟੀ ਦੇ ਪਿੰਡ ਅਤੇ ਸ਼ਹਿਰ ਵਿੱਚ ਪੁਲਿਸ ਜਨਤਕ ਸਹਿਯੋਗ ਦੇ ਨਾਲ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਜਿਸ ਨਾਲ ਨਸ਼ਾ ਵਿਰੋਧੀ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੰਦੇ ਹਨ ਉਨ੍ਹਾਂ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਕਰਦਾ ਪਾਇਆ ਜਾਵੇਗਾ ਤਾਂ ਉਸ ਵਿਰੁੱਧ ਕੇਸ ਦਰਜ ਕਰਨ ਦੇ ਨਾਲ ਨਾਲ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।  
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਵੀ ਨਾਗਰਿਕ ਗੁੰਮਰਾਹ ਹੋ ਕੇ ਨਸ਼ਿਆਂ ਦੇ ਰੋਗ ਦਾ ਸ਼ਿਕਾਰ ਹੋ ਗਏ ਹਨ ਉਨ੍ਹਾਂ ਦਾ ਇਲਾਜ ਸੰਭਵ ਹੈ ਅਤੇ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਜਾਵੇ। ਇਸ ਮੌਕੇ ਆਏ ਵਿਸ਼ਾ ਮਾਹਿਰਾਂ ਨੇ ਕਿਹਾ ਕਿ ਆਪਣੇ ਘਰਾਂ, ਪਰਿਵਾਰਾਂ, ਦੋਸਤਾਂ, ਆਲੇ ਦੁਆਲੇ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਮਿਥ ਕੇ ਪੂਰੀ ਤਨਦੇਹੀ ਨਾਲ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਇਸ ਕੋਹੜ ਦਾ ਸਫਾਇਆ ਕੀਤਾ ਜਾ ਸਕੇ। ਉਨਾਂ ਨਸ਼ੇ ਦੇ ਰੋਗੀ ਦੇ ਇਲਾਜ ਦੌਰਾਨ ਕੀਤੇ ਗਏ ਆਪਣੇ ਤਜ਼ਰਬੇ ਵੀ ਜਿਲ੍ਹਾ ਅਧਿਕਾਰੀਆਂ ਨਾਲ ਸਾਂਝੇ ਕਰਦੇ ਕਿਹਾ ਕਿ ਕੇਵਲ ਨਸ਼ਈ ਵਿਅਕਤੀ ਦਾ ਇਲਾਜ ਇਸ ਸਮੱਸਿਆ ਦਾ ਹੱਲ ਨਹੀਂ, ਬਲਕਿ ਨਸ਼ੇ ਵਾਲੇ ਰੋਗੀ ਦੇ ਪਰਿਵਾਰ ਨਾਲ ਕੌਂਸ਼ਲਿੰਗ ਵੀ ਬਹੁਤ ਜਰੂਰੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਐਸ ਡੀ ਐਮ ਸ੍ਰੀ ਮਨਕੰਵਲ ਸਿੰਘ ਚਾਹਲ , ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *