ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਨਸ਼ਾ ਛੁਡਾਊ ਕੇਂਦਰ ਜਨੇਰ ਵਿਖੇ ਲਗਾਇਆ ਨਸ਼ਿਆਂ ਵਿਰੁੱਧ ਸੈਮੀਨਾਰ

ਮੋਗਾ 2 ਅਗਸਤ:

 ਨਾਲਸਾ ਵੱਲੋਂ ਚਲਾਈ ਜਾ ਰਹੀ ਮੁਹਿੰਮ ਡਰੱਗ ਜਾਗਰੂਕਤਾ ਅਤੇ ਤੰਦਰੁਸਤੀ ਨੈਵੀਗੇਸ਼ਨ ਤਹਿਤ ਅੱਜ ਮਿਤੀ 1 ਅਗਸਤ 2025 ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਜਨੇਰ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਮਿਸ ਕਿਰਨ ਜਯੋਤੀ ਨੇ ਕੇਂਦਰ ਵਿਖੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਸ਼ਾ ਸਾਡੀ ਨੌਜਵਾਨ ਪੀੜੀ ਲਈ ਬੜਾ ਮੰਦਭਾਗਾ ਹੈ, ਪਰ ਨਸ਼ੇ ਤੋਂ ਬਚਿਆ ਜਾ ਸਕਦਾ ਹੈ। ਜੇ ਕਿਧਰੇ ਗਲਤੀ ਨਾਲ ਇਸ ਪਾਸੇ ਕਦਮ ਪੁੱਟਿਆ ਹੀ ਗਿਆ ਹੈ ਤਾਂ ਸਮਾਂ ਰਹਿੰਦੇ ਸਰਕਾਰ ਵੱਲੋਂ ਚਲਾਏ ਜਾਂਦੇ ਨਸ਼ਾ ਮੁਕਤੀ ਪ੍ਰੋਗਰਾਮਾਂ ਅਤੇ ਸਕੀਮਾਂ ਦਾ ਲਾਭ ਲੈਂਦੇ ਹੋਏ ਇਸ ਜੰਜਾਲ ਵਿਚੋਂ ਨਿਕਲਿਆ ਜਾ ਸਕਦਾ ਹੈ।

  ਉਨ੍ਹਾਂ ਅੱਗੇ ਦੱਸਿਆ ਕਿ ਦੇਸ਼ ਪੱਧਰੀ ਮੁਹਿੰਮ ਡਾਅਨ ਜੋ ਕਿ ਨਾਲਸਾ ਵੱਲੋਂ ਚਲਾਈ ਜਾ ਰਹੀ ਹੈ, ਅਜਿਹੇ ਨੌਜਵਾਨਾਂ ਲਈ ਨਾਲ ਸਹਿਯੋਗ ਕਰ ਰਹੀ ਹੈ। ਨਾਲਸਾ ਦੀ ਡਾਅਨ ਮੁਹਿੰਮ ਨੌਜਵਾਨਾਂ ਦੇ ਨਸ਼ਾ ਮੁਕਤ ਹੋਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਇਹ ਸੰਦੇਸ਼ ਵੀ ਦਿੱਤਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਨਸ਼ੇ ਕਰਨ ਨਾਲ ਸਿਰਫ ਇਕ ਵਿਅਕਤੀ ਦੀ ਜਿੰਦਗੀ ਹੀ ਬਰਬਾਦ ਨਹੀਂ ਹੁੰਦੀ ਬਲਕਿ ਸਾਰਾ ਪਰਿਵਾਰ ਹੀ ਉਜੜ ਜਾਂਦਾ ਹੈ ਅਤੇ ਸਮਾਜ ਤੇ ਵੀ ਇਸਦਾ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਅੱਗੇ ਅਪੀਲ ਕੀਤੀ ਕਿ ਸਾਨੂੰ ਨਸ਼ਾ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਜੇਕਰ ਕੋਈ ਨਸ਼ਾ ਕਰ ਰਿਹਾ ਹੈ ਤਾਂ ਉਸਨੂੰ ਡੀ ਐਡੀਕਸ਼ਨ ਸੈਂਟਰ ਬਾਰੇ ਦੱਸਿਆ ਜਾਵੇ ।

  ਇਸ ਮੌਕੇ ਨਸ਼ਾ ਮੁਕਤੀ ਕੇਂਦਰ ਜਨੇਰ ਦੇ ਇੰਚਾਰਜ ਹਰਪ੍ਰੀਤ ਸਿੰਘ, ਡਾ: ਮਨਮੀਤ ਸਿੰਘ, ਵੀਰਪਾਲ ਕੌਰ ਸਟਾਫ ਨਰਸ, ਅਰਸ਼ਦੀਪ ਕੌਰ ਕਾਊਂਸਲਰ, ਗੁਰਦੀਪ ਸਿੰਘ ਸੋਸ਼ਲ ਵਰਕਰ ਹਾਜਰ ਸਨ। ਡਾ: ਮਨਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਬਹੁਤ ਨੌਜਵਾਨ ਨਸ਼ਾ ਛੱਡਣ ਲਈ ਆਉਂਦੇ ਹਨ, ਜਿਨ੍ਹਾਂ ਨੂੰ ਯੋਗ ਧਿਆਨ ਕਰਵਾਇਆ ਜਾਂਦਾ ਹੈ ਅਤੇ ਦਵਾਈ ਦਿੱਤੀ ਜਾਂਦੀ ਹੈ । ਇਸ ਵੇਲੇ 190 ਨੌਜਵਾਨਾਂ ਨੂੰ ਭਰਤੀ ਕੀਤਾ ਗਿਆ ਹੈ ਅਤੇ ਬਹੁਤ ਸਾਰੇ ਨੌਜਵਾਨ ਠੀਕ ਹੋ ਕੇ ਘਰ ਵਾਪਸ ਜਾ ਚੁੱਕੇ ਹਨ।

Leave a Reply

Your email address will not be published. Required fields are marked *