ਦਸਤ ਰੋਕੂ ਮੁਹਿੰਮ 1 ਜੁਲਾਈ ਤੋਂ 31 ਅਗਸਤ ਤੱਕ ਸਿਹਤ ਵਿਭਾਗ ਵਲੋਂ ਚਲਾਈ ਜਾਵੇਗੀ

ਫ਼ਿਰੋਜ਼ਪੁਰ, 28 ਜੂਨ (    ) ਜਿਲ੍ਹਾ ਸਿਹਤ ਸੁਸਾਇਟੀ ਫ਼ਿਰੋਜ਼ਪੁਰ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਦ ਬਾਮਬਾ ਦੀ ਪ੍ਰਧਾਨਗੀ ਹੇਠ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਆਯੋਜਿਤ ਕੀਤੀ ਗਈ।ਇਸ ਮੌਕੇ ਸਿਵਲ ਸਰਜਨ  ਡਾ. ਰਾਜਵਿੰਦਰ ਕੌਰ, ਸਮੂਹ ਸੀਨੀਅਰ ਮੈਡੀਕਲ ਅਫਸਰ, ਪ੍ਰੋਗਰਾਮ ਅਫਸਰ, ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਆਈ.ਐਮ.ਏ ਦੇ ਨੁਮਾਇੰਦੇ ਹਾਜਰ ਸਨ। ਮੀਟਿੰਗ ਦੌਰਾਨ ਵੱਖ-ਵੱਖ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਬਾਰੇ ਰੀਵਿਊ ਕੀਤਾ ਗਿਆ।

               ਇਸ ਮੌਕੇ ਵਿਭਾਗ ਦੇ ਪ੍ਰੋਗਰਾਮ ਅਫਸਰਾਂ ਵੱਲੋਂ ਆਪਣੇ ਪ੍ਰੋਗਰਾਮ ਦੇ ਟੀਚਿਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਜਿਹਨਾਂ ਵਿੱਚ ਟੀਕਾਕਰਨ, ਰਾਸ਼ਟਰੀ ਟੀ.ਬੀ. ਕੰਟਰੋਲ ਪ੍ਰੋਗਰਾਮ, ਐਚ.ਆਈ.ਵੀ., ਕੁਸ਼ਟ ਰੋਗ, ਯੂ.ਡੀ.ਆਈ.ਡੀ., ਸਕੂਲ ਹੈਲਥ ਪ੍ਰੋਗਰਾਮ, ਬਲਾਈਂਡ ਨੈੱਸ ਕੰਟਰੋਲ ਪ੍ਰੋਗਰਾਮ, ਆਈ.ਡੀ.ਐਸ.ਪੀ., ਨੈਸ਼ਨਲ ਵੈਕਟਰ ਬੌਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਅਤੇ ਫੂਡ ਸੇਫਟੀ ਆਦਿ ਬਾਰੇ ਵਿਚਾਰ ਚਰਚਾ ਕੀਤੀ ਗਈ।

             ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਨੇ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਤ ਸਿਹਤ ਪ੍ਰੋਗਰਾਮਾਂ ਦੇ ਟੀਚਿਆਂ ਦੀ 100 ਪ੍ਰਤੀਸ਼ਤ ਪ੍ਰਾਪਤੀ ਯਕੀਨੀ ਬਣਾਈ ਜਾਵੇ ਅਤੇ ਸਮੂਹ ਪ੍ਰੋਗਰਾਮ ਅਫਸਰ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਪਿੰਡ ਪੱਧਰ ਤੇ ਲਾਗੂ ਕਰਨਾ ਯਕੀਨੀ ਬਨਾਉਣ ਤਾਂ ਜੋ ਲੋਕ ਵੱਧ ਤੋਂ ਵੱਧ ਸਿਹਤ ਸਹੂਲਤਾਂ ਦਾ ਲਾਭ ਲੈ ਸਕਣ।

        ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੇਜ ਰਾਮ ਗੁਰਾਇਆ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਮਿਤੀ 1 ਜੁਲਾਈ ਤੋਂ 31 ਅਗਸਤ ਤੱਕ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਵਿੱਚ ਕੰਮ ਕਰਦੀਆਂ ਆਸ਼ਾ ਵੱਲੋਂ ਘਰ-ਘਰ ਜਾ ਕੇ ਓ.ਆਰ.ਐਸ. ਦੇ ਪੈਕਟ ਅਤੇ ਜ਼ਿੰਕ ਦੀ ਵੰਡ ਕੀਤੀ ਜਾਵੇਗੀ ਅਤੇ ਸਮੂਹ ਸਿਹਤ ਸੰਸਥਾਵਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਓ.ਆਰ.ਐਸ. ਜ਼ਿੰਕ ਕਾਰਨਰ ਸਥਾਪਿਤ ਕੀਤੇ ਜਾਣਗੇ। ਸਕੂਲਾਂ ਵਿੱਚ ਬੱਚਿਆਂ ਨੂੰ ਸਾਫ ਸਫਾਈ, ਹੱਥ ਧੋਣ ਦੇ ਤਰੀਕੇ ਆਦਿ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।

            ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਵੱਲੋਂ ਦਸਤ ਰੋਕੂ ਮੁਹਿੰਮ ਦਾ ਬੈਨਰ ਅਤੇ ਪੋਸਟਰ ਵੀ ਰਲੀਜ ਕੀਤੇ ਗਏ ਅਤੇ ਉਹਨਾਂ ਵੱਲੋਂ ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਸਿੱਖਿਆ ਵਿਭਾਗ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਅਤੇ ਪੰਚਾਇਤ ਵਿਭਾਗ ਨੂੰ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਹਦਾਇਤ ਕੀਤੀ ਗਈ ਅਤੇ ਇਸ ਮੁਹਿੰਮ ਦੌਰਾਨ ਉਹਨਾਂ ਦੇ ਵਿਭਾਗਾਂ ਨਾਲ ਸਬੰਧ ਕੰਮਾਂ ਬਾਰੇ ਜਾਣੂ ਕਰਵਾਇਆ ਗਿਆ।

Leave a Reply

Your email address will not be published. Required fields are marked *