ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੀਨਾਰ-ਏ-ਬੇਗਮਪੁਰਾ ਤੋਂ ਤਪ ਅਸਥਾਨ ਨੂੰ ਜੋੜਨ ਲਈ ਪੌਣੇ ਚਾਰ ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪੁਲ ਦਾ ਰੱਖਿਆ ਨੀਂਹ ਪੱਥਰ

ਚੰਡੀਗੜ੍ਹ/ਖੁਰਾਲਗੜ੍ਹ ਸਾਹਿਬ/ਹੁਸ਼ਿਆਰਪੁਰ, 15 ਜਨਵਰੀ:-ਸ਼੍ਰੀ ਗੁਰੂ ਰਵਿਦਾਸ ਸਾਹਿਬ ਨਾਲ ਸਬੰਧਤ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਅੱਜ ਮੀਨਾਰ-ਏ-ਬੇਗਮਪੁਰਾ ਤੋਂ ਤਪ ਅਸਥਾਨ ਨੂੰ ਜੋੜਨ ਵਾਲੇ ਨਵੇਂ ਪੁਲ ਦਾ ਨੀਂਹ ਪੱਥਰ ਅੱਜ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੋੜੀ  ਵੱਲੋਂ ਰੱਖਿਆ ਗਿਆ। ਇਸ ਮੌਕੇ ਡਿਪਟੀ ਸਪੀਕਰ ਰੌੜੀ ਨੇ ਦੱਸਿਆ ਕਿ ਇਹ ਪੁਲ ਪੰਜਾਬ ਸਰਕਾਰ ਵੱਲੋਂ ਪੌਣੇ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ, ਜੋ ਕਿ ਸਦੀਆਂ ਤੱਕ ਟਿਕਾਉ ਰਹੇਗਾ ਅਤੇ ਸੰਗਤਾਂ ਨੂੰ ਆਸਾਨ ਆਵਾਜਾਈ ਸਹੂਲਤ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਪੁਲ਼ ਦੇ ਨਿਰਮਾਣ ਨੂੰ ਤੈਅ ਸਮਾਂ ਸੀਮਾ ਦੌਰਾਨ ਪੂਰੀ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਪੂਰਾ ਕਰਵਾਉਣਾ ਵੀ ਯਕੀਨੀ ਬਣਾਇਆ ਜਾਵੇਗਾ।

ਡਿਪਟੀ ਸਪੀਕਰ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਤਪ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵੱਡੇ ਪੁਰਬ ਦੇ ਮੱਦੇਨਜ਼ਰ ਸਾਰੇ ਲੋੜੀਂਦੇ ਪ੍ਰਬੰਧ ਸਮਾਂ ਰਹਿੰਦੇ ਪੂਰੇ ਕਰਵਾਉਣੇ ਯਕੀਨੀ ਬਣਾਏ ਜਾਣਗੇ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ।

ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਵੱਲੋਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ। ਇਸਦੇ ਨਾਲ ਹੀ ਬਾਬਾ ਸੁਖਦੇਵ ਸਿੰਘ ਅਤੇ ਬਾਬਾ ਨਰੇਸ਼ ਸਿੰਘ ਵੱਲੋਂ ਡਿਪਟੀ ਸਪੀਕਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਵੀ ਗਿਆ।  ਇਸ ਨੀਂਹ ਪੱਥਰ ਸਮਾਗਮ ਦੌਰਾਨ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚਾਂ ਨੇ ਵੀ ਹਾਜ਼ਰੀ ਭਰੀ।

Leave a Reply

Your email address will not be published. Required fields are marked *