ਡਿਪਟੀ ਕਮਿਸ਼ਨਰ ਨੇ ਖੁਦ ਬੁਝਾਈ ਪੱਖੋਕੇ ਵਿਖੇ ਖੇਤਾਂ ‘ਚ ਲੱਗੀ ਅੱਗ

ਬਰਨਾਲਾ, 5 ਨਵੰਬਰ

 ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਨੱਥ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਪਿਛਲੇ ਹਫ਼ਤੇ ਤੋਂ ਰੋਜ਼ਾਨਾ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਰਹੇ ਹਨ ਜਿਸ ਦੌਰਾਨ ਉਨ੍ਹਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। 

ਇਸ ਤਹਿਤ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਜਦ ਅੱਜ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਪਿੰਡ ਪੱਖੋ ਕਲਾਂ ਵਿਖੇ ਫਾਇਰ ਇੰਜਣ ਦੀ ਮਦਦ ਨਾਲ ਖੇਤਾਂ ‘ਚ ਲੱਗੀ ਅੱਗ ਵੇਖੀ ਅਤੇ ਉਸ ਨੂੰ ਆਪ ਮੌਕੇ ਉੱਤੇ ਜਾ ਕੇ ਬੁਝਾਇਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ‘ਚ 23 ਪੁਲਸ ਕੇਸ ਦਰਜ਼ ਹੋਏ ਹਨ ਅਤੇ 1.20 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। 

ਡਿਪਟੀ ਕਮਿਸ਼ਨਰ ਨੇ ਅੱਜ ਪਿੰਡ ਸੇਖਾ, ਝਲੂਰ, ਨੰਗਲ, ਭੱਦਲਵਡ, ਸੰਘੇੜਾ, ਭੋਤਨਾ, ਟੱਲੇਵਾਲ, ਭਦੌੜ, ਸ਼ਹਿਣਾ, ਕੋਠੇ ਗਿੱਲ, ਉਗੋਕੇ, ਢਿਲਵਾਂ, ਪੱਖੋਕੇ ਅਤੇ ਚੀਮਾ ਦਾ ਦੌਰਾ ਕੀਤਾ। 

ਇਸ ਮੌਕੇ ਉੱਤੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਕਿਸੇ ਵੀ ਹੀਲੇ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ । ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਖੇਤਾਂ ‘ਚ ਅੱਗ ਲਗਾਉਣਗੇ ਉਨ੍ਹਾਂ ਦੀਆਂ ਫਰਦਾਂ ‘ਚ ਲਾਲ ਐਂਟਰੀ ਇੰਦਰਾਜ਼ ਕੀਤੀ ਜਾਵੇਗੀ, ਚਲਾਨ ਕੱਟੇ ਜਾਣਗੇ ਅਤੇ ਐਫ ਆਈ ਆਰ ਦਰਜ਼ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਅੱਜ 5 ਕਰਮਾਚਾਰੀਆਂ ਨੂੰ ਚਾਰਜਸ਼ੀਟ  ਕੀਤਾ ਜਿਨ੍ਹਾਂ ਦੀ ਅਣਗਹਿਲੀ ਕਾਰਨ ਖੇਤਾਂ ‘ਚ ਅੱਗ ਲੱਗੀ। ਉਨ੍ਹਾਂ ਪ੍ਰਸ਼ਾ਼ਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਨੂੰ ਅਪਣਾਇਆ ਜਾਵੇ।

Leave a Reply

Your email address will not be published. Required fields are marked *