ਲੰਬੀ/ਸ੍ਰੀ ਮੁਕਤਸਰ ਸਾਹਿਬ, 19 ਨਵੰਬਰ:
ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਦੇ ਪਿੰਡ ਮਿੱਠੜੀ ਬੁਧਗਿਰ ਅਤੇ ਸ਼ੇਰੇਵਾਲਾ ਵਿਖੇ 1 ਕਰੋੜ 41 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਕੈਬਨਿਟ ਮੰਤਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕੇ ਦੇ ਪਿੰਡ ਮਿੱਠੜੀ ਬੁਧਗਿਰ ਵਿਖੇ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਾਟਰ ਵਰਕਸ ਦੀ ਪਾਈਪ ਲਾਈਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਉੱਤੇ 10 ਲੱਖ ਰੁਪਏ ਦੀ ਖਰਚ ਆਵੇਗਾ ਅਤੇ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਪਿੰਡ ਵਿੱਚ 29 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡ ਸ਼ੇਰੇਵਾਲਾ ਵਿਖੇ ਐਸ.ਸੀ. ਭਾਈਚਾਰੇ ਦੀ ਕਲੌਨੀ ਲਈ 16 ਲੱਖ ਰੁਪਏ ਦੀ ਲਾਗਤ ਨਾਲ ਪਾਣੀ ਦੀ ਪਾਈਪ ਲਾਈਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਇਸਦੇ ਨਾਲ ਹੀ ਪਿੰਡ ਵਿੱਚ 30 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਨ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ੇਰੇਵਾਲਾ ਤੋਂ ਪਿੰਡ ਖੇਮਾ ਖੇੜਾ ਤੱਕ ਸੜਕ ਦੀ ਰਿਪੇਅਰ ਲਈ 56 ਲੱਖ ਰੁਪਏ ਦੀ ਲਾਗਤ ਨਾਲ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ।
ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਾਰੇ ਕੰਮ ਪਿੰਡਾਂ ਦੇ ਵਿਕਾਸ ਲਈ ਇੱਕ ਵੱਡਾ ਕਦਮ ਹਨ ਅਤੇ ਇਨ੍ਹਾਂ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਮੌਕੇ ਮੈਨੂੰ ਬੇਹੱਦ ਖੁਸ਼ੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਿੰਡਾਂ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਪਿੰਡਾਂ ਦੇ ਲੋਕਾਂ ਨੂੰ ਮਿਆਰੀ ਅਤੇ ਮੁੱਢਲੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ ਤਾਂ ਜੋ ਉਹ ਨਸ਼ਿਆਂ ਤੋਂ ਬਚੇ ਰਹਿ ਸਕਣ। ਇਸੇ ਮੰਤਵ ਨਾਲ ਹਲਕੇ ਦੇ ਪਿੰਡਾਂ ਵਿੱਚ ਖੇਡ ਗਰਾਊਂਡਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਖੇਡ ਗਰਾਊਂਡ ਨੌਜਵਾਨੀ ਦੇ ਸਪੁਰਦ ਕੀਤੇ ਜਾਣਗੇ।
ਇਸ ਮੌਕੇ ਬੀ.ਡੀ.ਪੀ.ਓ. ਰਾਕੇਸ਼ ਬਿਸ਼ਨੋਈ, ਯੂਥ ਆਗੂ ਅਮੀਤ ਖੁੱਡੀਆਂ, ਰਸ਼ਪਾਲ ਸਿੰਘ ਖੁੱਡੀਆਂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਪੀ.ਏ. ਗੁਰਬਾਜ ਸਿੰਘ, ਗੁਰਬਾਜ ਸਿੰਘ ਵਣਵਾਲਾ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ, ਵਰਕਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
