ਕੈਬਨਿਟ ਮੰਤਰੀ ਡਾ. ਰਵਜੋਤ ਨੇ ਸ਼ਾਮ ਚੁਰਾਸੀ ’ਚ 61 ਪਰਿਵਾਰਾਂ ਨੂੰ 1.50 ਕਰੋੜ ਦੇ ਚੈਕ ਵੰਡੇ

ਹੁਸ਼ਿਆਰਪੁਰ , 29 ਨਵੰਬਰ :

          ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਯੋਗ ਪਰਿਵਾਰਾਂ ਨੂੰ ਬੁਨਿਆਦੀ ਸੁਵਿਧਾਵਾਂ ਉਪਲਬੱਧ ਕਰਵਾਉਣ ਲਈ ਲਗਾਤਾਰ ਵੱਡੇ ਫੈਸਲੇ ਲੈ ਰਹੀ ਹੈ। ਇਸੇ ਕੜੀ ਵਿਚ ਅੱਜ ਸ਼ਾਮ ਚੁਰਾਸੀ ਵਿਚ ਆਵਾਸ ਸਸ਼ਕਤੀਕਰਨ ਸਹਾਇਤਾ ਪ੍ਰੋਗਰਾਮ ਕਰਵਾਇਆ ਗਿਆ ਜਿਥੇ 61 ਲਾਭਪਾਤਰੀਆਂ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਚੈੱਕ ਵੰਡੇ ਗਏ।

          ਕੈਬਨਿਟ ਮੰਤਰੀ ਨੇ ਸਮਾਰੋਹ ਦੌਰਾਨ 61 ਪਰਿਵਾਰਾਂ ਨੂੰ ਕੁੱਲ 1,50,48,000 ਰੁਪਏ ਦੀ ਰਾਸ਼ੀ ਦੇ ਚੈੱਕ ਸੌਂਪੇ, ਤਾਂ ਜੋ ਉਹ ਆਪਣੇ ਕੱਚੇ ਜਾਂ ਖਸਤਾ ਮਕਾਨਾਂ ਦੀ ਥਾਂ ਪੱਕੇ ਅਤੇ ਸੁਰੱਖਿਅਤ ਘਰ ਦਾ ਨਿਰਮਾਣ ਕਰ ਸਕਣ। ਉਨ੍ਹਾਂ ਕਿਹਾ ਕਿ ਪੱਕਾ ਮਕਾਨ ਕੇਵਲ ਇਕ ਢਾਂਚਾ ਨਹੀਂ, ਬਲਕਿ ਸੁਰੱਖਿਆ, ਸਥਾਈ ਅਤੇ ਬਿਹਤਰ ਭਵਿੱਖ ਦੀ ਨੀਂਹ ਹੈ। ਸਰਕਾਰ ਦਾ ਮੁੱਖ ਟੀਚਾ ਇਹੀ ਹੈ ਕਿ ਕੋਈ ਵੀ ਪਰਿਵਾਰ ਖੁੱਲ੍ਹੇ ਆਸਮਾਨ ਜਾਂ ਕਮਜ਼ੋਰ ਛੱਤ ਦੇ ਥੱਲੇ ਜੀਵਨ ਨਾ ਬਿਤਾਏ।

          ਡਾ. ਰਵਜੋਤ ਨੇ ਲਾਭਪਾਤਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਯੋਜਨਾ ਹਰ ਯੋਗ ਪਰਿਵਾਰ ਦੇ ਜੀਵਨ ਵਿਚ ਬਦਲਾਅ ਲਿਆਉਣਾ ਦਾ ਮਾਧਿਆਮ ਬਣੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਨਾਗਰਿਕਾਂ ਦਾ ਸਰਕਾਰ ’ਤੇ ਵਿਸ਼ਵਾਸ ਮਜ਼ਬੂਤ ਹੁੰਦਾ ਹੈ ।

          ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਕੰਮਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਪ੍ਰੋਗਰਾਮ ਵਿਚ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ, ਪੰਚਾਇਤ ਪ੍ਰਤੀਨਿੱਧ ਅਤੇ ਪਤਵੰਤੇ ਵੀ ਮੌਜੂਦ ਸਨ।

Leave a Reply

Your email address will not be published. Required fields are marked *