ਭਗਵੰਤ ਸਿੰਘ ਮਾਨ ਤਾਮਿਲਨਾਡੂ ਸਰਕਾਰ ਵੱਲੋਂ ਮੁੱਖ ਮੰਤਰੀ ਨਾਸ਼ਤਾ ਯੋਜਨਾ ਦੇ ਵਿਸਥਾਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ

ਚੰਡੀਗੜ੍ਹ, 23 ਅਗਸਤ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਮਿਲਨਾਡੂ ਸਰਕਾਰ ਵੱਲੋਂ ‘ਮੁੱਖ ਮੰਤਰੀ ਨਾਸ਼ਤਾ ਯੋਜਨਾ’ ਦੇ ਵਿਸਥਾਰ ਸਬੰਧੀ ਚੇਨਈ ਵਿੱਚ ਰੱਖੇ ਗਏ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਤਾਮਿਲਨਾਡੂ ਤੋਂ ਰਾਜ ਸਭਾ ਮੈਂਬਰ ਸ੍ਰੀ ਵਿਲਸਨ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਵੱਕਾਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਤਰਫ਼ੋਂ ਰਸਮੀ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਤਾਮਿਲਨਾਡੂ ਸਰਕਾਰ ਵੱਲੋਂ 26 ਅਗਸਤ ਨੂੰ ਹੋਣ ਵਾਲੇ ਇਸ ਸਮਾਗਮ ਵਿੱਚ ਸ਼ਹਿਰੀ ਖੇਤਰਾਂ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ‘ਮੁੱਖ ਮੰਤਰੀ ਨਾਸ਼ਤਾ ਯੋਜਨਾ’ ਦੇ ਵਿਸਥਾਰ ਦਾ ਐਲਾਨ ਕੀਤਾ ਜਾਵੇਗਾ।

ਰਾਜ ਸਭਾ ਮੈਂਬਰ ਨਾਲ ਆਪਣੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਾਗਮ ਵਿੱਚ ਸ਼ਾਮਲ ਹੋਣਾ ਉਨ੍ਹਾਂ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੋਵੇਗੀ। ਉਨ੍ਹਾਂ ਨੇ ਇਸ ਮੌਕੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਅਗਵਾਈ ਵਾਲੀ ਤਾਮਿਲਨਾਡੂ ਸਰਕਾਰ ਵੱਲੋਂ ਵੱਖ-ਵੱਖ ਪ੍ਰਗਤੀਸ਼ੀਲ ਅਤੇ ਭਲਾਈ-ਮੁਖੀ ਯੋਜਨਾਵਾਂ ਸ਼ੁਰੂ ਕਰਨ ਦੇ ਕਦਮਾਂ ਦੀ ਸ਼ਲਾਘਾ ਕੀਤੀ। ਇਸ ਪਹਿਲਕਦਮੀ ਬਾਰੇ ਬੋਲਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਤਾਮਿਲਨਾਡੂ ਸਰਕਾਰ ਵੱਲੋਂ 2022 ਵਿੱਚ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਨਾਸ਼ਤਾ ਯੋਜਨਾ’ ਨੇ ਸ਼ਾਨਦਾਰ ਨਤੀਜੇ ਦਿੱਤੇ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ‘ਚ ਸੁਧਾਰ, ਬੱਚਿਆਂ ਲਈ ਵਿਸ਼ੇਸ਼ ਸਿਖਲਾਈ ਸੈਸ਼ਨ ਅਤੇ ਪ੍ਰਾਇਮਰੀ ਸਕੂਲ ਦੇ ਬੱਚਿਆਂ ‘ਚ ਰੋਗ ਦਰ ‘ਚ ਕਮੀ ਆਦਿ ਸ਼ਾਮਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੇ ਇਹ ਯਕੀਨੀ ਬਣਾਉਣ ਕਿ ਬੱਚਿਆਂ ਨੂੰ ਭੁੱਖੇ ਢਿੱਡ ਸਕੂਲ ਨਾ ਜਾਣਾ ਪਵੇ, ਉਨ੍ਹਾਂ ਦੀ ਪੋਸ਼ਣ ਸਥਿਤੀ ਵਿੱਚ ਸੁਧਾਰ, ਸਿੱਖਣ ਦੀਆਂ ਸਮਰੱਥਾਵਾਂ ਨੂੰ ਵਧਾਉਣ ਅਤੇ ਕੰਮਕਾਜੀ ਮਾਵਾਂ ‘ਤੇ ਬੋਝ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਪਹਿਲਾਂ ਹੀ 34,987 ਸਕੂਲਾਂ ਵਿੱਚ 7.53 ਲੱਖ ਵਿਦਿਆਰਥੀਆਂ ਨੂੰ ਲਾਭ ਮਿਲਿਆ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਅਜਿਹੀ ਲੋਕ ਪੱਖੀ ਪਹਿਲਕਦਮੀ ਦੇ ਵਿਸਥਾਰ ਮੌਕੇ ਸ਼ਾਮਲ ਹੋਣਾ ਸੱਚਮੁੱਚ ਵਧੇਰੇ ਮਾਣ ਵਾਲੀ ਗੱਲ ਹੈ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਸਮਾਜ ਦੇ ਦੱਬੇ-ਕੁਚਲੇ ਅਤੇ ਪਛੜੇ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਮੇਂ ਦੀ ਲੋੜ ਹਨ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸਿੱਖਿਆ ਅਤੇ ਸਿਹਤ ਸੈਕਟਰ ਨੂੰ ਕੌਮੀ ਰਾਜਨੀਤਿਕ ਚਰਚਾ ‘ਚ ਮੋਹਰੀ ਵਿਸ਼ੇ ਵਜੋਂ ਸਾਹਮਣੇ ਲਿਆਂਦਾ ਹੈ ਅਤੇ ਕਿਹਾ ਕਿ ਇਹ ਸੈਕਟਰ ਸ਼ਾਸਨ ਦੇ ਮੁੱਖ ਥੰਮ੍ਹ ਹਨ। ਭਗਵੰਤ ਸਿੰਘ ਮਾਨ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਦੀ ਤਰਫੋਂ ਸੱਦਾ ਦੇਣ ਲਈ ਰਾਜ ਸਭਾ ਮੈਂਬਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਤਾਮਿਲਨਾਡੂ, ਇੱਕ ਅਜਿਹਾ ਰਾਜ ਜੋ ਸਮਾਜਿਕ ਅਤੇ ਸਿੱਖਿਆ ਸੁਧਾਰਾਂ ਵਿੱਚ ਆਪਣੀ ਮੋਹਰੀ ਭੂਮਿਕਾ ਲਈ ਜਾਣਿਆ ਜਾਂਦਾ ਹੈ, ਵਿੱਚ ਇੱਕ ਵੱਡੇ ਸਿੱਖਿਆ ਸੁਧਾਰ ਦਾ ਸਾਖੀ ਬਣਨਾ ਉਨ੍ਹਾਂ ਲਈ ਇੱਕ ਵਿਲੱਖਣ ਅਨੁਭਵ ਹੋਵੇਗਾ।

Leave a Reply

Your email address will not be published. Required fields are marked *