ਜਲੰਧਰ ਵਿਚ ਸਰਕਾਰੀ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ ਸਿਰ ‘ਚ ਵੱਜਣ ਕਾਰਨ ਸਬ-ਇੰਸਪੈਕਟਰ. ਭੁਪਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਸੀ. ਆਈ. ਏ. 50 ਸਾਲਾ ਸਬ-ਇੰਸਪੈਕਟਰ, ਜੋ ਕਿ ਦਿਹਾਤੀ ਇਲਾਕੇ ‘ਚ ਸੇਵਾ ਨਿਭਾ ਰਿਹਾ ਸੀ, ਭੋਗਪੁਰ ਦਾ ਰਹਿਣ ਵਾਲਾ ਸੀ। ਮਾਮਲੇ ਦੀ ਜਾਂਚ ਕਰਦੇ ਹੋਏ ਥਾਣਾ ਡਵੀਜ਼ਨ ਨੰ. 2 ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਬ-ਇੰਸ. ਭੁਪਿੰਦਰ ਸਿੰਘ ਸੀ. ਆਈ. ਏ. ਸਟਾਫ ਦਿਹਾਤੀ ਦੇ ਦਫਤਰ ਕੋਲ ਬਣੀ ਪਾਰਕਿੰਗ ‘ਚ ਬੁੱਧਵਾਰ ਸ਼ਾਮ ਕਰੀਬ 6.30 ਵਜੇ ਆਪਣੀ ਕਾਰ ‘ਚ ਬੈਠ ਕੇ 9 ਐੱਮ. ਐੱਮ. ਦੀ ਸਰਕਾਰੀ ਪਿਸਤੌਲ ਦੀ ਸਫਾਈ ਕਰ ਰਿਹਾ ਸੀ।
ਇਸ ਦੌਰਾਨ ਅਚਾਨਕ ਉਸ ਦੇ ਪਿਸਤੌਲ ‘ਚੋਂ ਗੋਲੀ ਚੱਲ ਗਈ, ਜੋ ਉਸ ਦੇ ਸਿਰ ‘ਚ ਲੱਗੀ। ਇਸ ਸਬੰਧੀ ਜਦੋਂ ਪੁਲਸ ਨੂੰ ਸੂਚਨਾ ਮਿਲੀ ਤਾਂ ਭੁਪਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਤੇ ਉਸ ਦਾ ਸਿਰ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਸੀ। ASI ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ ਤੇ ਮ੍ਰਿਤਕ ਦੀ ਕਾਰ ‘ਤੇ ਉਸ ਦਾ ਸਰਕਾਰੀ ਪਿਸਤੌਲ ਆਪਣੇ ਕਬਜ਼ੇ ‘ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਐੱਸ. ਆਈ. ਭੁਪਿੰਦਰ ਸਿੰਘ ਦੀ ਪਤਨੀ ਕੁਲਜੀਤ ਕੌਰ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਵੀਰਵਾਰ ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ ।
