ਮਿਲਾਵਟਖੋਰੀ ਵਿਰੁੱਧ ਪ੍ਰਸ਼ਾਸਨ ਸਖ਼ਤ: 7 ਕੇਸਾਂ ਵਿੱਚ 2 ਲੱਖ 25 ਹਜ਼ਾਰ ਰੁਪਏ ਜੁਰਮਾਨਾ

ਬਰਨਾਲਾ, 11 ਅਪ੍ਰੈਲ-   ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਦੀ ਅਗਵਾਈ ਹੇਠ ਮੁਹਿੰਮ ਤਹਿਤ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਹੈ ਜਿਸ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਦੀ ਅਦਾਲਤ ਵਲੋਂ 7 ਕੇਸਾਂ ਵਿੱਚ ਵੱਖ ਵੱਖ ਫਰਮਾਂ/ਮਾਲਕਾਂ ਨੂੰ 2 ਲੱਖ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।

  ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੁੱਧ, ਪਨੀਰ, ਵੱਖ ਵੱਖ ਤਰ੍ਹਾਂ ਦੇ ਤੇਲ ਸਮੇਤ ਖਾਧ/ ਡੇਅਰੀ ਪਦਾਰਥਾਂ ਵਿਚ ਮਿਲਾਵਟਖੋਰੀ ਰੋਕਣ ਲਈ ਸਿਹਤ ਵਿਭਾਗ ਨੂੰ ਲਗਾਤਾਰ ਚੈਕਿੰਗ ਕਰਨ ਅਤੇ ਨਮੂਨੇ ਭਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਇਹ ਨਮੂਨੇ ਲੈਣ ਮਗਰੋਂ ਸਿਹਤ ਵਿਭਾਗ ਵਲੋਂ ਖਰੜ ਲੈਬ ਵਿੱਚ ਭੇਜੇ ਜਾਂਦੇ ਹਨ ਜਿੱਥੇ ਮਾਪਦੰਡਾਂ ‘ਤੇ ਖਰਾ ਨਾ ਉਤਰਨ ਵਾਲੇ (ਸਬ ਸਟੈਂਡਰਡ) ਨਮੂਨਿਆਂ ਦੇ ਕੇਸ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਦਾਲਤ ਵਿੱਚ ਵਿਚਾਰੇ ਜਾਂਦੇ ਹਨ।

     ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਆਈ ਏ ਐੱਸ ਨੇ ਦੱਸਿਆ ਕਿ 9 ਅਪ੍ਰੈਲ ਨੂੰ ਓਹਨਾਂ ਦੀ ਅਦਾਲਤ ਵਿੱਚ 7 ਕੇਸਾਂ ਵਿੱਚ 2 ਲੱਖ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇਨ੍ਹਾਂ ਵਿਚ ਬਰਨਾਲਾ ਦੀ ਫਰਮ ਦੇ ਮਿਲਕ ਕੇਕ ਦੇ ਨਮੂਨੇ,  ਧਨੌਲਾ ਦੇ ਖੋਏ, ਘੁੰਨਸ ਦੇ ਸਰ੍ਹੋਂ ਦੇ ਤੇਲ, ਹੰਡਿਆਇਆ ਦੇ ਖਾਣਾ ਬਣਾਉਣ ਵਾਲੇ ਤੇਲ, ਘੁੰਨਸ ਦੀ ਇਕ ਹੋਰ ਫਰਮ ਦੇ ਸਰ੍ਹੋਂ ਦੇ ਤੇਲ, ਤਪਾ ਦੇ ਸਰ੍ਹੋਂ ਦੇ ਤੇਲ, ਧਨੌਲਾ ਦੀ ਇਕ ਹੋਰ ਫਰਮ ਦੇ ਪਨੀਰ ਦੇ ਨਮੂਨਿਆਂ ਦੇ ਸਬ ਸਟੈਂਡਰਡ ਹੋਣ ਦੇ ਮਾਮਲੇ ਵਿਚ ਇਹ ਜੁਰਮਾਨਾ ਕੀਤਾ ਗਿਆ। ਓਹਨਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਅਜਿਹੇ ਮਾਮਲਿਆਂ ਵਿੱਚ ਪੂਰੀ ਸਖ਼ਤੀ ਵਰਤੀ ਜਾਵੇਗੀ ਤਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ।

    ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਲੋਂ ਜਨਵਰੀ ਤੋਂ ਮਾਰਚ 2026 ਦੌਰਾਨ ਸਰੋਂ ਦੇ ਤੇਲ, ਦੁੱਧ, ਦੁੱਧ ਤੋਂ ਬਣੀਆਂ ਚੀਜ਼ਾਂ, ਘਿਓ, ਪਨੀਰ, ਖੋਏ, ਮਠਿਆਈਆਂ, ਕੁਕਿੰਗ ਤੇਲ ਦੇ 29 ਨਮੂਨੇ ਲਏ ਗਏ ਜਿਨ੍ਹਾਂ ਵਿਚੋਂ 18 ਨਮੂਨੇ ਪਾਸ ਹੋਏ, ਜਦਕਿ 11 ਫੇਲ ਹੋ ਗਏ।

Leave a Reply

Your email address will not be published. Required fields are marked *