ਪ੍ਰਸ਼ਾਸਨ ਵੱਲੋਂ ‘ਵੇਕ ਅੱਪ ਲੁਧਿਆਣਾ – ਐਨ ਏਜੰਡਾ ਫਾਰ ਐਨਵਾਇਰਨਮੈਂਟ’ ਦਾ ਆਗਾਜ਼

ਲੁਧਿਆਣਾ, 5 ਜੂਨ (000) – ਲੁਧਿਆਣਾ ਵਿੱਚ ਵਾਤਾਵਰਣ ਦੀ ਸਥਿਰਤਾ ਵੱਲ ਵੱਧਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ‘ਵੇਕ ਅੱਪ ਲੁਧਿਆਣਾ- ਐਨ ਏਜੰਡਾ ਫਾਰ ਐਨਵਾਇਰਮੈਂਟ’ ਦੀ ਸ਼ੁਰੂਆਤ ਕੀਤੀ।

ਪ੍ਰਾਜੈਕਟ ਦੀ ਮੁੱਢਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੁਧਿਆਣਾ ਵਿੱਚ ਹਰਿਆਲੀ ਵਧਾਉਣ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਲਈ ਵਿਸਤ੍ਰਿਤ ਯੋਜਨਾ ਉਲੀਕਣ।

ਪ੍ਰਸ਼ਾਸਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਜ਼ਿਲੇ ਵਿੱਚ ਵੱਖ-ਵੱਖ ਥਾਵਾਂ ਦੀ ਪਛਾਣ ਕਰਨ ਅਤੇ ਟਿਕਾਊ ਹੱਲ ਲੱਭਣ ਲਈ ਕੰਮ ਕਰੇਗਾ ਜਿੱਥੇ ਦਰੱਖਤ ਕਾਫੀ ਘੱਟ ਹਨ। ਉਨ੍ਹਾਂ ਖੇਤਰਾਂ ਨੂੰ ਪੌਦੇ ਲਗਾਉਣ ਲਈ ਤਿਆਰ ਕਰਨ ਲਈ ਕਦਮ ਚੁੱਕੇ ਜਾਣਗੇ ਅਤੇ ਮੌਨਸੂਨ ਸੀਜ਼ਨ ਦੇ ਨਾਲ ਤਾਲਮੇਲ ਕਰਕੇ, ਨਾਗਰਿਕਾਂ ਦੀ ਭਾਗੀਦਾਰੀ ਨਾਲ ਵੱਡੇ ਪੱਧਰ ‘ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ।

ਡਿਪਟੀ ਕਮਿਸ਼ਨਰ ਸਾਹਨੀ ਨੇ ਇਹ ਵੀ ਆਦੇਸ਼ ਦਿੱਤੇ ਕਿ ਸਾਰੇ ਨਾਗਰਿਕਾਂ ਨੂੰ ਮੁਫ਼ਤ ਬੂਟੇ ਮੁਹੱਈਆ ਕਰਵਾਏ ਜਾਣ ਤਾਂ ਜੋ ਹਰ ਕੋਈ ਇੱਕ ਬੂਟਾ ਲਗਾ ਸਕੇ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.), ਡੀ.ਐਫ.ਓ, ਪੇਂਡੂ ਵਿਕਾਸ ਵਿਭਾਗ ਸਾਰੇ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਐਨ.ਐਚ.ਏ.ਆਈ. ਨੂੰ ਵਰਟੀਕਲ ਗਾਰਡਨ ਨੂੰ ਵਿਕਸਤ ਕਰਨ ਅਤੇ ਨੈਸ਼ਨਲ ਹਾਈਵੇਅ ‘ਤੇ ਹਰਿਆਲੀ ਨੂੰ ਯਕੀਨੀ ਬਣਾਉਣ ਲਈ ਰਣਨੀਤੀ ਬਣਾਉਣ ਲਈ ਵੀ ਕਿਹਾ ਗਿਆ। ਹਾਈਵੇਅ ਦੇ ਨਾਲ ਸਾਈਕਲ ਲੇਨਾਂ ਦੇ ਵਿਕਾਸ ਬਾਰੇ ਪੁੱਛੇ ਜਾਣ ‘ਤੇ, ਐਨ.ਐਚ.ਏ.ਆਈ. ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸਤਾਵ ਬਣਾਇਆ ਗਿਆ ਹੈ ਅਤੇ ਇਸ ਦੀ ਪਾਲਣਾ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਦਫ਼ਤਰਾਂ ਵਿੱਚ ਹਰਿਆਲੀ ਯਕੀਨੀ ਬਣਾਉਣ ਅਤੇ ਸੂਰਜੀ ਰੋਸ਼ਨੀ, ਪਾਣੀ ਦੀ ਸੰਭਾਲ ਦੇ ਉਪਰਾਲਿਆਂ ਦੇ ਨਾਲ-ਨਾਲ ਬਿਜਲੀ ਮਾਰਸ਼ਲਾਂ ਦੀ ਨਿਯੁਕਤੀ ਵੀ ਯਕੀਨੀ ਬਣਾਉਣ। ਵਾਤਾਵਰਣ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਬੀਟ ਅਭਿਆਸਾਂ ਨੂੰ ਅਪਣਾਉਣ ਵਾਲਿਆਂ ਲਈ ਸਾਲਾਨਾ ਪ੍ਰਦਰਸ਼ਨ ਸਮੀਖਿਆ ਵਿੱਚ ਅੰਕ ਵੀ ਦਿੱਤੇ ਜਾਣਗੇ। ਇਸੇ ਤਰਜ਼ ‘ਤੇ ਜ਼ਿਲ੍ਹੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਲਈ ਗਰੀਨ ਕੈਂਪਸ ਪਹਿਲਕਦਮੀ ਸ਼ੁਰੂ ਕੀਤੀ ਜਾਵੇਗੀ। ਜੀ.ਐਮ.ਡੀ.ਆਈ.ਸੀ. ਅਤੇ ਪੀ.ਏ.ਯੂ. ਦੀ ਮਦਦ ਨਾਲ ਉਦਯੋਗਾਂ ਲਈ ਇੱਕ ਗ੍ਰੀਨ ਸੈਲਫ-ਆਡਿਟ ਵੀ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਸਾਹਨੀ ਨੇ ਇਹ ਵੀ ਕਿਹਾ ਕਿ ਸਾਡੇ ਬੱਚਿਆਂ ਲਈ ਵਿਰਾਸਤੀ ਘਰ ਲਈ ਕੰਮ ਕਰਨਾ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ। ਇਸ ਨੇਕ ਕਾਰਜ ਵਿੱਚ ਲੋਕਾਂ ਦੇ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਜਲਦ ਹੀ ਸ਼ੁਰੂ ਕੀਤੀ ਜਾਣ ਵਾਲੀ ਵਿਸ਼ਾਲ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕਾਂ ਤੋਂ ਆਪਣੇ ਗੁਆਂਢ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਲਈ ਵਿਵਹਾਰਕ ਤੌਰ ‘ਤੇ ਸੰਭਵ ਹੱਲ ਮੰਗੇ ਜਾਣਗੇ। ਇਹ ਗ੍ਰੀਨ ਹੈਕਾਥੌਨ ਜਲਦ ਹੀ ਸ਼ੁਰੂ ਕੀਤਾ ਜਾਵੇਗਾ ਅਤੇ ਜੋ ਵਿਚਾਰ ਵਿਵਹਾਰਕ ਪਾਏ ਜਾਣਗੇ, ਉਨ੍ਹਾਂ ਨੂੰ ਲਾਗੂ ਕਰਨ ਲਈ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰਾਂ ਵਿੱਚ ਮੇਜਰ ਅਮਿਤ ਸਰੀਨ, ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਯੂ.ਟੀ.) ਕ੍ਰਿਤਿਕਾ ਗੋਇਲ ਵੀ ਹਾਜ਼ਰ ਸਨ।

Leave a Reply

Your email address will not be published. Required fields are marked *