ਤਰਨ ਤਾਰਨ, 23 ਅਪ੍ਰੈਲ : ਜਨਗਣਨਾ ਦੇ ਪਹਿਲੇ ਗੇੜ ਦਾ ਕੰਮ 15 ਮਈ 2026 ਤੋਂ 13 ਜੂਨ 2026 ਤੱਕ ਹੋਣ ਜਾ ਰਿਹਾ ਹੈ। ਇਸ ਕੰਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੱਗਭਗ 2500 ਗਿਣਤੀਕਾਰ ਅਤੇ ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫ਼ਸਰ ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਜਨਗਣਨਾ ਵਿਚ ਲੱਗੇ ਅਮਲੇ ਦੀਆਂ ਟ੍ਰੇਨਿੰਗਾਂ ਦਾ ਕੰਮ ਵੱਖ-ਵੱਖ ਚਾਰਜ ਪੱਧਰ ‘ਤੇ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਨਗਣਨਾ ਦੇ ਮਹੱਤਵਪੂਰਨ ਕੰਮ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਲੋੜੀਦੇ ਦਿਸ਼ਾ- ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਹਦਾਇਤ ਕੀਤੀ ਕਿ ਫੀਲਡ ਵਿਜ਼ਿਟ ਦੌਰਾਨ ਆਮ ਨਾਗਰਿਕਾਂ ਨਾਲ ਪ੍ਰੇਮ ਭਾਵ ਨਾਲ ਪੇਸ਼ ਆਇਆ ਜਾਵੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਮਹੱਤਵ ਦੇ ਇਸ ਕਾਰਜ ਨੂੰ ਪੂਰੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਜਾਵੇ ਤਾਂ ਜੋ ਜਨਗਣਨਾ ਦੇ ਅੰਕੜੇ ਸਹੀ ਅਤੇ ਸਪੱਸ਼ਟ ਪ੍ਰਾਪਤ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਕੰਮ ਵਿਚ ਅਣਗਹਿਲੀ ਜਾਂ ਕੰਮ ਵਿਚ ਆਨਾਕਾਨੀ ਕਰਨ ਦੀ ਸੂਰਤ ਵਿਚ ਮਰਦਮਸ਼ੁਮਾਰੀ ਅਧਿਨਿਯਮ 1948 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਇਸ ਵਾਰ ਜਨਗਣਨਾ ਦੀ ਪੂਰੀ ਕਾਰਵਾਈ ਹਾਈ-ਟੈੱਕ ਤਰੀਕੇ ਨਾਲ ‘ਡਿਜੀਟਲ ਮੋਡ’ ਰਾਹੀਂ ਪੂਰੀ ਕੀਤੀ ਜਾਵੇਗੀ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ ਕਿ ਆਮ ਲੋਕਾਂ ਦੀ ਸਹੂਲਤ ਲਈ ‘ਸਵੈ-ਗਣਨਾ’ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਪੋਰਟਲ 30 ਅਪ੍ਰੈਲ ਤੋਂ 14 ਮਈ 2026 ਤੱਕ ਖੁੱਲ੍ਹੇਗਾ, ਜਿਸ ਰਾਹੀਂ ਕੋਈ ਵੀ ਵਿਅਕਤੀ ਘਰ ਬੈਠੇ ਹੀ ਆਪਣੇ ਪਰਿਵਾਰ ਦੀ ਜਾਣਕਾਰੀ ਆਨਲਾਈਨ ਦਰਜ ਕਰ ਸਕੇਗਾ। ਇਸ ਤੋਂ ਬਾਅਦ ਗਿਣਤੀਕਾਰਾਂ ਵੱਲੋ 15 ਮਈ ਤੋਂ 13 ਜੂਨ ਤੱਕ ਫੀਲਡ ਸਰਵੇ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ 35 ਫੀਲਡ ਟ੍ਰੇਨਰਾਂ ਨੂੰ ਪਹਿਲਾਂ ਹੀ ਮਾਸਟਰ ਟ੍ਰੇਨਰਾਂ ਅਤੇ ਜਨਗਣਨਾ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਖਲਾਈ ਦਿੱਤੀ ਜਾ ਚੁੱਕੀ ਹੈ। ਹੁਣ ਅਗਲੇ ਪੜਾਅ ਤਹਿਤ ਵੱਖ-ਵੱਖ ਬੈਚਾਂ ਵਿਚ ਸੈਸ਼ਨ ਆਧਾਰਿਤ ਸਿਖਲਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਇਹ ਸਿਖਿਆਰਥੀ ਹੀ ਫੀਲਡ ਵਿੱਚ ਜਾ ਕੇ ਘਰ-ਘਰ ਜਨਗਣਨਾ ਸਬੰਧੀ ਮੋਬਾਈਲ ਐਪ ਵਿੱਚ ਡਾਟਾ ਇੰਦਰਾਜ ਕਰਨਗੇ।
