ਤਰਨ ਤਾਰਨ ਵਿਖੇ ਪੀ.ਐਸ.ਟੈੱਟ ਪ੍ਰੀਖਿਆ ਦੀਆਂ ਤਿਆਰੀਆਂ ਮੁਕੰਮਲ

ਤਰਨ ਤਾਰਨ, 23 ਅਪ੍ਰੈਲ (      )- ਜ਼ਿਲ੍ਹੇ ਵਿੱਚ ਪੀ.ਐਸ.ਟੈੱਟ-1 ਅਤੇ 2 ਫਾਰ ਇਨ ਸਰਵਿਸ ਅਧਿਆਪਕਾਂ ਦੀ ਪ੍ਰੀਖਿਆ ਨੂੰ ਲੈ ਕੇ ਪ੍ਰਸ਼ਾਸਨਿਕ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਤਿਨਾਮ ਸਿੰਘ ਬਾਠ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਐਤਵਾਰ, 26 ਅਪ੍ਰੈਲ ਨੂੰ ਇਹ ਪ੍ਰੀਖਿਆ ਦੋ ਸ਼ਿਫਟਾਂ ਵਿਚ ਕਰਵਾਈ ਜਾਵੇਗੀ।
ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਤਰਨ ਤਾਰਨ ਵਿਚ ਸ਼੍ਰੀ ਗੁਰੂ ਅਰਜਨ ਦੇਵ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ, ਤਰਨ ਤਾਰਨ ਦੋ ਪ੍ਰੀਖਿਆ ਕੇਂਦਰ ਬਣਾਏ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਪੀ.ਐਸ.ਟੈੱਟ-1 ਲਈ 841 ਅਤੇ ਪੀ.ਐਸ.ਟੈੱਟ-2 ਲਈ 561 ਇਨ-ਸਰਵਿਸ ਅਧਿਆਪਕ ਪ੍ਰੀਖਿਆ ਵਿਚ ਭਾਗ ਲੈਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿਨਾਮ ਸਿੰਘ ਬਾਠ ਨੇ ਦੱਸਿਆ ਕਿ ਪ੍ਰੀਖਿਆ ਨੂੰ ਪੂਰੀ ਪਾਰਦਰਸ਼ਤਾ ਅਤੇ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਸਾਹਿਬਾਨ ਦੀ ਡਿਊਟੀ ਲਗਾ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪ੍ਰੀਖਿਆ ਕੇਂਦਰਾਂ ‘ਤੇ ਸੁਰੱਖਿਆ ਅਤੇ ਹੋਰ ਜ਼ਰੂਰੀ ਪ੍ਰਬੰਧ ਪੁਖ਼ਤਾ ਕਰ ਲਏ ਗਏ ਹਨ, ਤਾਂ ਜੋ ਪ੍ਰੀਖਿਆਰਥੀਆਂ ਨੂੰ ਕੋਈ ਦਿੱਕਤ ਨਾ ਆਵੇ।
ਇਸ ਮੌਕੇ ਸਹਾਇਕ ਨੋਡਲ ਅਫ਼ਸਰ ਅਵਤਾਰ ਸਿੰਘ, ਡੀਲਿੰਗ ਸਹਾਇਕ ਇਕਬਾਲ ਸਿੰਘ, ਸੁਪਰਡੈਂਟ ਸੁਖਵਿੰਦਰ ਕੌਰ ਅਤੇ ਸੀਨੀਅਰ ਸਹਾਇਕ ਆਦੇਸ਼ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *