ਮਾਨਸਾ, 12 ਜਨਵਰੀ
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ 01 ਜਨਵਰੀ ਤੋਂ 31 ਜਨਵਰੀ ਤੱਕ ਕੌਮੀ ਸੜਕ ਸੁਰੱਖਿਆ ਮਹੀਨਾ ਐਲਾਨਿਆ ਜਾ ਰਿਹਾ ਹੈ ਜਿਸ ਤਹਿਤ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਟਰੱਕ ਯੂਨੀਅਨ ਮਾਨਸਾ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਰਿਜਨਲ ਟਰਾਂਸਪੋਰਟ ਅਫ਼ਸਰ-ਕਮ-ਐੱਸ.ਡੀ.ਐੱਮ. ਬੁਢਲਾਡਾ ਸ. ਗਗਨਦੀਪ ਸਿੰਘ ਨੇ ਦੱਸਿਆ ਕਿ ਸੁਰੱਖਿਅਤ ਡਰਾਈਵਿੰਗ ਲਈ ਅੱਖਾਂ ਦੀ ਨਜ਼ਰ ਦਾ ਠੀਕ ਹੋਣਾ ਬਹੁਤ ਲਾਜ਼ਮੀ ਹੈ ਜਿਸ ਤਹਿਤ ਟਰੱਕ ਯੂਨੀਅਨ ਵਿਖੇ ਡਰਾਇਵਰਾਂ ਦੀਆਂ ਅੱਖਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ।
ਉਨ੍ਹਾਂ ਕਿਹਾ ਕਿ ਇਸ ਮੌਕੇ ਸਮੂਹ ਡਰਾਇਵਰਾਂ ਨੂੰ ਟਰੈਫਿਕ ਚਿੰਨਾਂ ਤੇ ਟਰੈਫਿਕ ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਗਿਆ ਤਾਂ ਜੋ ਸੜਕ ਹਾਦਸਿਆਂ ਤੋਂ ਬਚਾਅ ਰਹੇ। ਇਸ ਦੇ ਨਾਲ ਨਾਲ ਧੁੰਦ ਦੇ ਮੱਦੇਨਜ਼ਰ ਵਾਹਨਾਂ ‘ਤੇ ਰਿਫਲੈਕਟਰ ਵੀ ਲਗਾਏ ਜਾ ਰਹੇ ਹਨ।
