“ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੜਾਅ ਦੂਜਾ ” ਮਿਸ਼ਨ ‘ਸੰਪਰਕ’ ਤਹਿਤ ਮਾਲੇਰਕੋਟਲਾ ‘ਚ ਜ਼ਿਲ੍ਹਾ ਪੁਲਿਸ ਵੱਲੋਂ ਮਹੱਤਵਪੂਰਣ ਮੀਟਿੰਗ

ਮਾਲੇਰਕੋਟਲਾ, 11 ਜਨਵਰੀ –
                  ਜਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਪੜਾਅ ਦੂਜੇ, ਮਿਸ਼ਨ ‘ਸੰਪਰਕ’ ਅਧੀਨ ਸਥਾਨਕ ਊਰਦੂ ਅਕੈਡਮੀ, ਮਾਲੇਰਕੋਟਲਾ ਵਿਖੇ ਇੱਕ ਮਹੱਤਵਪੂਰਣ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਪਿੰਡਾਂ ਅਤੇ ਵਾਰਡਾਂ ਦੇ ਵੀ.ਡੀ.ਸੀ. ਮੈਂਬਰਾਂ ਨੇ ਗਰਮਜੋਸ਼ੀ ਨਾਲ ਭਾਗ ਲਿਆ, ਜਦਕਿ ਵੱਖ-ਵੱਖ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਨਸ਼ਿਆਂ ਵਿਰੁੱਧ ਚਲ ਰਹੀ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ ਗਈ।
                 ਇਸ ਮੌਕੇ ਆਈ.ਜੀ. (ਜੀ.ਆਰ.ਪੀ.) ਬਲਜੋਤ ਸਿੰਘ ਰਾਠੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਲੋਕਾਂ ਦਾ ਸਹਿਯੋਗ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸਮਾਜ ਦਾ ਹਰ ਵਰਗ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਨਹੀਂ ਕਰੇਗਾ, ਤਦ ਤੱਕ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਪੂਰੀ ਤਰ੍ਹਾਂ ਜਿੱਤਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ‘ਸੰਪਰਕ’ ਦਾ ਮੁੱਖ ਮਕਸਦ ਪੁਲਿਸ ਅਤੇ ਆਮ ਲੋਕਾਂ ਦਰਮਿਆਨ ਭਰੋਸੇ ਦਾ ਮਜ਼ਬੂਤ ਪੁਲ ਬਣਾਉਣਾ ਹੈ, ਤਾਂ ਜੋ ਨਸ਼ਿਆਂ ਨਾਲ ਜੁੜੀ ਹਰ ਗਤੀਵਿਧੀ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ।
               ਆਈ.ਜੀ. ਨੇ ਕਿਹਾ ਕਿ ਜਿਹੜੇ ਨੌਜਵਾਨ ਗਲਤ ਰਾਹ ’ਤੇ ਪੈ ਰਹੇ ਹਨ, ਉਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਏ ਸਹੀ ਦਿਸ਼ਾ ਵੱਲ ਮੋੜਨਾ ਸਮਾਜ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਮੁਹਿੰਮ ਨੂੰ ਜੜ ਤੱਕ ਲੈ ਜਾ ਕੇ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਿਆ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣ ਲਈ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ।
                ਇਸ ਮੌਕੇ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨਾਲ ਸਬੰਧਿਤ ਕਿਸੇ ਵੀ ਕਿਸਮ ਦੀ ਜਾਣਕਾਰੀ ਬਿਨਾਂ ਡਰ ਦੇ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਇਸ ਉਪਰੰਤ ਉਹਨਾਂ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਾਰੇ ਪਿੰਡ ਅਤੇ ਵਾਰਡ ਪੱਧਰੀ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।
                ਇਸ ਮੀਟਿੰਗ ਵਿੱਚ ਐੱਸ.ਪੀ. ਹੈੱਡਕੁਆਟਰ ਗੁਰਸ਼ਰਨਜੀਤ ਸਿੰਘ ਸੰਧੂ, ਡੀ. ਐਸ. ਪੀ ਮਾਨਵਜੀਤ ਸਿੰਘ, ਥਾਣਾ ਮੁਖੀ ਬਲਜੀਤ ਸਿੰਘ, ਇੰਸਪੈਕਟਰ ਗੁਰਪ੍ਰੀਤ ਕੌਰ ਸਮੇਤ ਜ਼ਿਲ੍ਹਾ ਪੁਲਿਸ ਫੋਰਸ ਦੇ ਹੋਰ ਅਧਿਕਾਰੀ ਵੀ ਹਾਜ਼ਰ ਰਹੇ।

Leave a Reply

Your email address will not be published. Required fields are marked *