ਧੂਰੀ, 10 ਜਨਵਰੀ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਭਰ ਵਿੱਚ ਚਲ ਰਹੀ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਅੱਜ ਧੂਰੀ ਹਲਕੇ ਵਿੱਚ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕਰਨ ਦੇ ਮਕਸਦ ਨਾਲ ਕੱਢੀ ਗਈ ਪੈਦਲ ਯਾਤਰਾ ਨਾਲ ਹੋਈ। ਇਸ ਪੈਦਲ ਯਾਤਰਾ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫ਼ਤ ਤੋਂ ਬਚਾਉਣਾ, ਪਿੰਡ ਪੱਧਰ ’ਤੇ ਜਾਗਰੂਕਤਾ ਫੈਲਾਉਣਾ ਅਤੇ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਲਈ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨੀ ਹੈ।
ਧੂਰੀ ਹਲਕੇ ਦੇ ਪਿੰਡ ਬਨਭੌਰੀ, ਬਰੜਵਾਲ, ਬੱਬਨਪੁਰ, ਹਸਨਪੁਰ ਅਤੇ ਬੁਰਜ ਸੇਢਾ ਵਿੱਚ ਕੱਢੀ ਗਈ ਇਸ ਪੈਦਲ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਭਾਗ ਲਿਆ ਅਤੇ ਨਸ਼ਿਆਂ ਦੇ ਖ਼ਿਲਾਫ਼ ਡਟ ਕੇ ਖੜ੍ਹਨ ਦਾ ਅਹਿਦ ਲਿਆ। ਪਿੰਡ ਵਾਸੀਆਂ ਨੇ ਇਹ ਅਹਿਦ ਕੀਤਾ ਕਿ ਉਹ ਆਪਣੇ ਪਿੰਡਾਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਸਚੇਤ ਪਹਿਰੇਦਾਰ ਬਣ ਕੇ ਨਸ਼ਾ ਤਸਕਰੀ ਅਤੇ ਨਸ਼ਾ ਸੇਵਨ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਉਣਗੇ।
ਇਸ ਮੌਕੇ ਬੀ.ਡੀ.ਪੀ.ਓ. ਧੂਰੀ ਸ੍ਰੀ ਸੁਖਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ-ਨਾਲ ਸਮਾਜਕ ਭਾਗੀਦਾਰੀ ਨੂੰ ਵੀ ਬਰਾਬਰ ਮਹੱਤਵ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਦੇ ਚੇਅਰਮੈਨ ਸ੍ਰੀ ਦਲਵੀਰ ਸਿੰਘ ਢਿੱਲੋਂ ਅਤੇ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਸ੍ਰੀ ਰਾਜਵੰਤ ਸਿੰਘ ਘੁੱਲੀ ਦੀ ਅਗਵਾਈ ਹੇਠ ਇਹ ਪੈਦਲ ਯਾਤਰਾ ਅਗਲੇ 15 ਦਿਨਾਂ ਦੌਰਾਨ ਧੂਰੀ ਹਲਕੇ ਦੇ ਹਰੇਕ ਪਿੰਡ ਵਿੱਚ ਪਹੁੰਚ ਕੇ ਲੋਕਾਂ ਨੂੰ ਨਸ਼ਿਆਂ ਦੀ ਸਮਾਜਕ ਬੁਰਾਈ ਖ਼ਿਲਾਫ਼ ਇੱਕਜੁੱਟ ਹੋਣ ਦਾ ਸੱਦਾ ਦੇਵੇਗੀ।
ਉਨ੍ਹਾਂ ਕਿਹਾ ਕਿ ਨਸ਼ਾ-ਮੁਕਤ ਪੰਜਾਬ ਦੀ ਰਚਨਾ ਲਈ ਸਰਕਾਰ, ਪ੍ਰਸ਼ਾਸਨ ਅਤੇ ਆਮ ਲੋਕਾਂ ਦੀ ਸਾਂਝੀ ਕੋਸ਼ਿਸ਼ ਬਹੁਤ ਜ਼ਰੂਰੀ ਹੈ ਅਤੇ ਇਸ ਤਰ੍ਹਾਂ ਦੀਆਂ ਪੈਦਲ ਯਾਤਰਾਵਾਂ ਲੋਕਾਂ ਵਿੱਚ ਭਰੋਸਾ, ਜਾਗਰੂਕਤਾ ਅਤੇ ਸਮਾਜਕ ਬਦਲਾਅ ਦੀ ਲਹਿਰ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
ਇਸ ਮੌਕੇ ਦੀਪਕ ਸੇਠੀ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਧਰਮਵੀਰ ਸਿੰਘ, ਸਿਧਾਸ਼ੂ ਜੈਨ, ਸੰਜੀਵ ਕੁਮਾਰ, ਦੌਲਤ ਰਾਮ, ਕਮਲਪ੍ਰੀਤ ਕੌਰ, ਕਰਮਜੀਤ ਸਿੰਘ, ਬਲਜੀਤ ਸਿੰਘ ਨੱਤ, ਬਲਜੀਤ ਸਿੰਘ, ਗੀਤਾ ਰਾਣੀ, ਨਰੇਸ਼ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
