ਮੋਹਾਲੀ ਵਿੱਚ ਠੋਸ ਕੂੜੇ ਦੀ ਅੱਗ ਤੋਂ ਰੋਕਥਾਮ ਲਈ ਸਫ਼ਾਈ ਸੇਵਕਾਂ / ਕੂੜਾ ਚੁੱਕਣ ਵਾਲਿਆਂ ਲਈ ਸਿਖਲਾਈ ਸੈਸ਼ਨ ਆਯੋਜਿਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਦਸੰਬਰ:
ਠੋਸ ਕੂੜੇ ਨੂੰ ਅੱਗ ਲਾਉਣ ਦੀ ਗਤਿਵਿਧੀਆਂ ਨੂੰ ਪੂਰੀ ਤਰ੍ਹਾਂ ਰੋਕਣ ਅਤੇ ਵਾਤਾਵਰਣ–ਅਨੁਕੂਲ ਕੂੜਾ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ (ਪੀ ਪੀ ਸੀ ਬੀ), ਖ਼ੇਤਰੀ ਦਫ਼ਤਰ ਮੋਹਾਲੀ ਅਤੇ ਮਿਉਂਸਪਲ ਕਾਰਪੋਰੇਸ਼ਨ ਮੋਹਾਲੀ ਵੱਲੋਂ ਸਾਂਝੇ ਤੌਰ ’ਤੇ ਇੱਕ ਸਿਖਲਾਈ ਸੈਸ਼ਨ ਮਿਉਂਸਪਲ ਕਾਰਪੋਰੇਸ਼ਨ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਆਯੋਜਿਤ ਕੀਤਾ ਗਿਆ।

ਪੀ ਪੀ ਸੀ ਬੀ ਮੋਹਾਲੀ ਦੇ ਕਾਰਜਕਾਰੀ ਇੰਜੀਨੀਅਰ ਨਵਤੇਸ਼ ਸਿੰਗਲਾ ਅਤੇ ਰੀਸੋਰਸ ਪਰਸਨ ਮਿਸ ਸਵਾਤੀ ਨੇ ਭਾਗੀਦਾਰਾਂ ਨੂੰ ਠੋਸ ਕੂੜੇ ਨੂੰ ਸਾੜਨ ਨਾਲ ਪੈਦਾ ਹੋਣ ਵਾਲੇ ਗੰਭੀਰ, ਵਾਤਾਵਰਣ ਅਤੇ ਸਿਹਤ ਸੰਬੰਧੀ ਖਤਰਨਾਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੂੜੇ ਨੂੰ ਸਾੜਨਾ ਹਵਾ ਦੀ ਗੁਣਵੱਤਾ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਅਤੇ ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ।

ਲਗਭਗ 150 ਸਫਾਈ ਸੇਵਕਾਂ, ਰੈਗ ਪਿਕਰਾਂ (ਸੜ੍ਹਕਾਂ ਤੋਂ ਕੂੜਾ ਇਕੱਠਾ ਕਰਨ ਵਾਲੇ) ਅਤੇ ਮਿਉਂਸਪਲ ਕਾਰਪੋਰੇਸ਼ਨ ਦੇ ਕਰਮਚਾਰੀਆਂ/ਅਧਿਕਾਰੀਆਂ ਨੇ ਇਸ ਟ੍ਰੇਨਿੰਗ ਵਿੱਚ ਭਾਗ ਲਿਆ। ਟ੍ਰੇਨਿੰਗ ਮਿਊਂਸਪਲ ਠੋਸ ਕੂੜੇ ਅਤੇ ਬਾਗਬਾਨੀ (ਪੱਤੇ  ਆਦਿ) ਕੂੜੇ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕਤਾ ਪੈਦਾ ਕਰਨ ’ਤੇ ਕੇਂਦ੍ਰਿਤ ਸੀ। ਇਸ ਦੇ ਨਾਲ ਹੀ ਵੱਖ–ਵੱਖ ਵਾਤਾਵਰਣ ਕਾਨੂੰਨਾਂ ਤਹਿਤ ਕੂੜਾ ਸਾੜਨ ਲਈ ਲਾਗੂ ਜੁਰਮਾਨਿਆਂ ਅਤੇ ਕਾਨੂੰਨੀ ਕਾਰਵਾਈਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਸੈਸ਼ਨ ਦੇ ਅੰਤ ਵਿੱਚ, ਸਾਰੇ ਸਫਾਈ ਸੇਵਕਾਂ ਨੇ ਮੋਹਾਲੀ ਸ਼ਹਿਰ ਦਾ ਵਾਤਾਵਰਣ ਸਾਫ਼ ਅਤੇ ਸਿਹਤਮੰਦ ਬਣਾਈ ਰੱਖਣ ਲਈ ਕੂੜੇ ਦੀ ਸਾੜ-ਫ਼ੂਕ ਨੂੰ ਰੋਕਣ ਅਤੇ ਲੋਕਾਂ ਨੂੰ ਇਸ ਤੋਂ ਰੋਕਣ ਕਰਨ ਲਈ ਵਚਨਬੱਧਤਾ ਦਾ ਸੰਕਲਪ ਲਿਆ।

Leave a Reply

Your email address will not be published. Required fields are marked *