ਪੈਨਸ਼ਨਰ ਸੇਵਾ ਪੋਰਟਲ ਸਬੰਧੀ 04 ਤੋਂ 06 ਦਸੰਬਰ ਤੱਕ ‘ਪੈਨਸ਼ਨਰ ਸੇਵਾ ਮੇਲਾ’ ਕੀਤਾ ਜਾਵੇਗਾ ਆਯੋਜਿਤ

ਫਾਜ਼ਿਲਕਾ, 02 ਦਸੰਬਰ

ਵਿੱਤ ਵਿਭਾਗ, ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਵੱਲੋਂ ਪੈਨਸ਼ਨਰਾਂ ਦੀ ਸਹੂਲਤ ਲਈ ਜ਼ਿਲ੍ਹਾ ਖਜ਼ਾਨਾ ਦਫ਼ਤਰ ਫਾਜ਼ਿਲਕਾ ਵਿਖੇ ਅਤੇ ਉਪ ਖਜ਼ਾਨਾ ਦਫਤਰ ਜਲਾਲਾਬਾਦ, ਅਬੋਹਰ ਵਿਖੇ ਮਿਤੀ 04, 05 ਅਤੇ 06 ਦਸੰਬਰ ਨੂੰ “ਪੈਨਸ਼ਨਰ ਸੇਵਾ ਮੇਲੇ” ਦਾ ਆਯੋਜਨ ਕੀਤਾ ਜਾ ਰਿਹਾ ਹੈ।

ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਸ਼੍ਰੀ ਤਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਸਾਰੇ ਪੈਨਸ਼ਨਰਾਂ ਨੂੰ ਆਪਣੀ ਈ-ਕੇ.ਵਾਈ.ਸੀ. ਮੁਕੰਮਲ ਕਰਨ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਜਿਨ੍ਹਾਂ ਦੀ ਈ-ਕੇ.ਵਾਈ.ਸੀ. ਬਾਕੀ ਹੈ, ਉਨ੍ਹਾਂ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਸਮੂਹ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਦੀ ਸੁਵਿਧਾ ਲਈ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਗਿਆ ਹੈ, ਜਿਸ ਰਾਹੀਂ ਪੈਨਸ਼ਨ ਸੰਬੰਧੀ ਅਰਜ਼ੀਆਂ, ਈ-ਪੀ.ਪੀ.ਓ, ਪੈਨਸ਼ਨ ਡਾਟਾ, ਸ਼ਿਕਾਇਤ ਨਿਵਾਰਣ ਆਦਿ ਸਹੂਲਤਾਂ ਇਕ ਹੀ ਪਲੇਟਫਾਰਮ ‘ਤੇ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਪੰਜਾਬ ਰਾਜ ਦੇ ਸਮੂਹ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਨੂੰ ਡਿਜਿਟਲ ਲਾਈਫ਼ ਸਰਟੀਫ਼ਿਕੇਟ, ਜੀਵਨ ਪ੍ਰਮਾਣ ਪੱਤਰ ਜਾਰੀ ਕਰਨ ਲਈ ਈ ਕੇ.ਵਾਈ.ਸੀ. ਕੀਤੀ ਜਾਵੇਗੀ ਅਤੇ ਇਸ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ।

ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੇ ਜ਼ਿਲ੍ਹੇ ਦੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਬੰਧਤ ਖੇਤਰ ਦੇ “ਪੈਨਸ਼ਨਰ ਸੇਵਾ ਮੇਲੇ” ਵਿੱਚ ਸ਼ਾਮਲ ਹੋਣ ਤੇ ਆਪਣੀ ਈ-ਕੇ.ਵਾਈ.ਸੀ. ਪ੍ਰਕਿਰਿਆ ਪੂਰੀ ਕਰਕੇ ਇਸ ਸਹੂਲਤ ਦਾ ਲਾਭ ਜ਼ਰੂਰ ਲੈਣ।

Leave a Reply

Your email address will not be published. Required fields are marked *