ਨੋਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਸਬੰਧੀ ਸਿਹਤ ਵਿਭਾਗ ਵੱਲੋਂ ਤਿਆਰੀਆਂ ਮੁਕੰਮਲ – ਡਾ.ਬਲਵੀਰ ਸਿੰਘ

ਸ਼੍ਰੀ ਅਨੰਦਪੁਰ ਸਾਹਿਬ 17 ਨਵੰਬਰ ()
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਰੋਹ ਲਈ ਦੇਸ਼-ਵਿਦੇਸ਼ ਤੋਂ ਆ ਰਹੀਆਂ ਲੱਖਾਂ ਸੰਗਤ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵਿਸ਼ਾਲ ਮੈਡੀਕਲ ਸੈਟ-ਅਪ ਤਿਆਰ ਕੀਤਾ ਗਿਆ ਹੈ। ਭਾਈ ਘਨ੍ਹਈਆ ਮਿਸ਼ਨ, ਜੋ ਭਾਈ ਘਨ੍ਹਈਆਂ ਜੀ ਦੇ ਵਾਰਸਾਂ ਦੀ ਸੇਵਾ ਪਰੰਪਰਾ ਨੂੰ ਅੱਗੇ ਵਧਾਉਂਦਾ ਹੈ, ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਯਾਤਰੀ ਮੈਡੀਕਲ ਸੇਵਾ ਦੀ ਕਮੀ ਮਹਿਸੂਸ ਨਾ ਕਰੇ।
    ਇਹ ਪ੍ਰਗਟਾਵਾ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਸਿਵਲ ਹਸਪਤਾਲ ਦਾ ਦੌਰਾ ਕਰਨ ਉਪਰੰਤ ਕੀਤਾ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲ ਵਿੱਚ ਸੀ.ਸੀ.ਯੂ ਯੂਨਿਟ ਪੂਰੀ ਤਿਆਰੀ ਨਾਲ ਚਾਲੂ ਕੀਤਾ ਗਿਆ ਹੈ, ਜਿਸ ਵਿੱਚ ਵੈਂਟੀਲੇਟਰ, ਆਕਸੀਜ਼ਨ ਦੀ ਸੈਂਟਰਲ ਸਪਲਾਈ ਅਤੇ ਪੂਰਾ ਬੈਕਅਪ ਮੁਹੱਇਆ ਹੈ। ਸ਼੍ਰੀ ਅਨੰਦਪੁਰ ਸਾਹਿਬ ਤੇ ਰੂਪਨਗਰ ਦੋਵੇਂ ਥਾਵਾਂ ‘ਤੇ 24 ਘੰਟੇ ਕ੍ਰਿਟੀਕਲ ਕੇਅਰ ਸੇਵਾਵਾਂ ਚੱਲਣਗੀਆਂ, ਜਦਕਿ ਕੀਰਤਪੁਰ ਸਾਹਿਬ ਵਿੱਚ ਵੀ ਲਗਾਤਾਰ ਮੈਡੀਕਲ ਸਹੂਲਤਾਂ ਜਾਰੀ ਰਹਿਣਗੀਆਂ।
      ਇਸ ਤੋਂ ਇਲਾਵਾ 21 ਆਮ ਆਦਮੀ ਕਲੀਨਿਕ ਪਹਿਲਾਂ ਹੀ ਕੰਮ ਕਰ ਰਹੇ ਹਨ, ਜਦਕਿ 19 ਖ਼ਾਸ ਮੈਡੀਕਲ ਪੋਸਟ ਟਰਾਲੀ ਸਿਟੀ, ਟੈਂਟ ਸਿਟੀ ਅਤੇ ਰਸਤੇ ਦੇ ਖਾਸ ਸਥਾਨਾਂ ‘ਤੇ ਸਥਾਪਿਤ ਕੀਤੇ ਗਏ ਹਨ। ਇੱਥੇ ਬਲੱਡ ਪ੍ਰੈਸ਼ਰ ਟੈਸਟ, ਸ਼ੂਗਰ, ਹੋਰ ਦਰਜਨਾਂ ਟੈਸਟ ਅਤੇ ਹੋਰ ਸਿਹਤ ਸਹੂਲਤਾਂ 24 ਘੰਟੇ ਉਪਲੱਬਧ ਰਹਿਣਗੀਆਂ।
       ਪੰਜ ਪਿਆਰਾ ਪਾਰਕ ਵਿੱਚ ਰੋਜ਼ਾਨਾ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। 25 ਨਵੰਬਰ ਨੂੰ ਇਸ ਖੂਨਦਾਨ ਮੁਹਿੰਮ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵੀ ਸ਼ਾਮਲ ਹੋਣਗੇ। ਇਸ ਵਿਸ਼ਾਲ ਕੈਂਪ ‘ਚ ਸੂਬੇ ਦੇ ਵੱਖ-ਵੱਖ ਹਸਪਤਾਲਾਂ ਤੋਂ 27 ਵਿਸ਼ੇਸ਼ ਟੀਮਾਂ ਹਿੱਸਾ ਲੈਣਗੀਆਂ।
     ਭਾਈ ਘਨ੍ਹਈਆ ਮਿਸ਼ਨ ਵੱਲੋਂ ਵਿਸ਼ੇਸ਼ “ਮੁਫਤ ਐਨਕਾਂ ਦਾ ਲੰਗਰ” ਵੀ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਅੱਖਾਂ ਦੀ ਜਾਂਚ ਅਤੇ ਨੇੜੇ-ਦੂਰ ਦੀਆਂ ਤਿਆਰ ਐਨਕਾਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸਦੇ ਨਾਲ-ਨਾਲ ਦੇਸ਼ ਅਤੇ ਵਿਦੇਸ਼ ਦੇ ਡਾਕਟਰਾਂ, ਐਨ.ਜੀ.ਓਜ਼ ਅਤੇ ਸੇਵਾਦਾਰਾਂ ਨੂੰ ਸੇਵਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਜੋ ਵੀ ਮੈਡੀਕਲ ਖੇਤਰ ਵਿੱਚ ਯੋਗਦਾਨ ਦੇਣਾ ਚਾਹੇ, ਉਹ 62391-76007 ‘ਤੇ ਸੰਪਰਕ ਕਰ ਸਕਦਾ ਹੈ।
    ਸਿਹਤ ਮੰਤਰੀ ਨੇ ਦੱਸਿਆ ਕਿ ਕਿਸੇ ਵੀ ਮੈਡੀਕਲ ਐਮਰਜੈਂਸੀ ਲਈ 98155-88342 ‘ਤੇ ਹੈਲਪਲਾਈਨ 24 ਘੰਟੇ ਚਾਲੂ ਰਹੇਗੀ। 24 ਐਡਵਾਂਸ ਲਾਈਫ ਸਪੋਰਟ ਐਮਬੂਲੈਂਸਾਂ ਨੂੰ ਵੀ ਮਹੱਤਵਪੂਰਨ ਸਥਾਨਾਂ ‘ਤੇ ਤਾਇਨਾਤ ਕੀਤਾ ਗਿਆ ਹੈ। ਅੰਮ੍ਰਿਤਸਰ ਮੈਡੀਕਲ ਕਾਲਜ ਅਤੇ ਪਟਿਆਲਾ ਮੈਡੀਕਲ ਕਾਲਜ ਦੀਆਂ ਵਿਸ਼ੇਸ਼ ਟੀਮਾਂ ਵੀ ਸਥਾਨਕ ਡਾਕਟਰਾਂ ਦੇ ਨਾਲ ਮਿਲ ਕੇ ਆਈ.ਸੀ.ਯੂ ਪ੍ਰਬੰਧ ਸੰਭਾਲਣਗੀਆਂ। ਭਾਈ ਘਨ੍ਹਈਆ ਮਿਸ਼ਨ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਸੇਵਾ ਪ੍ਰਚਾਰ ਲਗਾਤਾਰ ਜਾਰੀ ਰਹੇਗਾ ਅਤੇ ਹਰ ਯਾਤਰੀ ਨੂੰ ਉੱਚ ਪੱਧਰੀ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

Leave a Reply

Your email address will not be published. Required fields are marked *