ਵਿਧਾਇਕ ਨਰਿੰਦਰ ਕੌਰ ਭਰਾਜ ਨੇ ਨਾਨਕਿਆਣਾ ਚੌਕ ਦੇ ਸੁੰਦਰੀਕਰਨ ਅਤੇ ਖੰਡਾ ਸਾਹਿਬ ਸਥਾਪਤ ਕਰਨ ਦੀ ਕਰਵਾਈ ਸ਼ੁਰੂਆਤ

ਸੰਗਰੂਰ, 16 ਨਵੰਬਰ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਨਮੁੱਖ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਅਰਦਾਸ ਉਪਰੰਤ ਹਲਕਾ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਨਾਨਕਿਆਣਾ ਚੌਕ ਦੇ ਸੁੰਦਰੀਕਰਨ ਅਤੇ ਖੰਡਾ ਸਾਹਿਬ ਸਥਾਪਤ ਕਰਨ ਦੇ ਕਾਰਜ ਦੀ ਸ਼ੁਰੂਆਤ ਕਰਵਾਈ।

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਸੰਗਰੂਰ ਸ਼ਹਿਰ ਦਾ ਪ੍ਰਸਿੱਧ ਨਾਨਕਿਆਣਾ ਚੌਕ ਜਲਦੀ ਹੀ ਨਵੀਂ ਦਿਖ ਨਾਲ ਸਜਾਇਆ ਜਾਵੇਗਾ। ਚੌਕ ਵਿੱਚ ਖੰਡਾ ਸਾਹਿਬ ਦੀ ਸਥਾਪਨਾ, ਇਸ ਦਾ ਕੇਂਦਰੀ ਆਕਰਸ਼ਣ ਹੋਵੇਗੀ, ਜੋ ਸੂਰਬੀਰਤਾ, ਸੇਵਾ ਅਤੇ ਨਿਆਂਇਕ ਪਰੰਪਰਾ ਦਾ ਮਜ਼ਬੂਤ ਪ੍ਰਤੀਕ ਹੋਣ ਦੇ ਨਾਲ-ਨਾਲ ਸੰਗਰੂਰ ਦੀ ਧਾਰਮਿਕ ਸਾਂਝ ਨੂੰ ਹੋਰ ਮਜ਼ਬੂਤ ਕਰੇਗੀ।

ਉਨ੍ਹਾਂ ਕਿਹਾ ਕਿ ਖੰਡਾ ਸਾਹਿਬ ਦੀ ਸਥਾਪਨਾ ਸੂਰਬੀਰਤਾ ਅਤੇ ਤਿਆਗ ਦੇ ਸੰਦੇਸ਼ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਇੱਕ ਮਹੱਤਵਪੂਰਨ ਪਹਿਲ ਹੈ। ਚੌਕ ਦੇ ਸੁੰਦਰੀਕਰਨ ‘ਚ ਲਗਾਏ ਜਾ ਰਹੇ ਨਵੇਂ ਖੰਡਾ ਸਾਹਿਬ ਸਬੰਧੀ ਸਾਰੇ ਡਿਜ਼ਾਇਨ, ਸਥਾਪਨਾ ਅਤੇ ਲਾਇਟਿੰਗ ਪ੍ਰਬੰਧ ਮਾਹਰਾਂ ਦੀ ਤਰਫੋਂ ਕੀਤੇ ਜਾ ਰਹੇ ਹਨ, ਤਾਂ ਜੋ ਆਉਣ ਵਾਲੇ ਸਾਲਾਂ ਲਈ ਇਹ ਥਾਂ ਸੰਗਰੂਰ ਦੀ ਇਕ ਅਹਿਮ ਪਛਾਣ ਵਜੋਂ ਕਾਇਮ ਰਹੇ।

ਹਲਕਾ ਵਿਧਾਇਕ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਭਰ ਵਿੱਚ ਹੋ ਰਹੀਆਂ ਗਤੀਵਿਧੀਆਂ ਦਾ ਮਕਸਦ ਲੋਕਾਂ ਵਿੱਚ ਮਨੁੱਖਤਾ ਦੇ ਉੱਚ ਆਦਰਸ਼ਾਂ ਨੂੰ ਫੈਲਾਉਣਾ ਹੈ। ਇਸੇ ਤਰ੍ਹਾਂ, ਸੰਗਰੂਰ ਵਿੱਚ ਵੀ ਵੱਖ-ਵੱਖ ਸਮਾਗਮ ਲਗਾਤਾਰ ਕਰਵਾਏ ਜਾ ਰਹੇ ਹਨ।

ਚੌਕ ਦੇ ਸੁੰਦਰੀਕਰਨ ਪ੍ਰੋਜੈਕਟ ਨੂੰ ਮਨੁੱਖੀ ਜਜ਼ਬੇ ਅਤੇ ਸੇਵਾ ਭਾਵ ਨੂੰ ਸਨਮੁੱਖ ਰੱਖਦਿਆਂ ਤਿਆਰ ਕੀਤਾ ਜਾ ਰਿਹਾ ਹੈ। ਸਥਾਨਕ ਨਾਗਰਿਕਾਂ ਨੇ ਵੀ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਰੂਰ ਦੇ ਮੁੱਖ ਪ੍ਰਵੇਸ਼ ਬਿੰਦੂ ਵਜੋਂ ਇਹ ਚੌਕ ਨਵੀਂ ਦਿਖ ਨਾਲ ਸ਼ਹਿਰ ਦੀ ਅਹਿਮੀਅਤ ਵਧਾਏਗਾ।

ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ ਵੱਖ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *