ਪੰਜਾਬ ਦੇ ਪੇਂਡੂ ਵਿਕਾਸ ਵਿੱਚ ਨਵਾਂ ਅਧਿਆਏ ਲਿਖਣਗੇ ਆਧੁਨਿਕ ਪੰਚਾਇਤ ਘਰ ਅਤੇ ਆਮ ਸੇਵਾ ਕੇਂਦਰ: ਸੌਂਦ

ਚੰਡੀਗੜ੍ਹ, 25 ਅਗਸਤ:

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਆਧੁਨਿਕ ਪੰਚਾਇਤ ਘਰ ਅਤੇ ਆਮ ਸੇਵਾ ਕੇਂਦਰ ਪਿੰਡਾਂ ਦੇ ਵਿਕਾਸ ਵਿੱਚ ਨਵਾਂ ਅਧਿਆਏ ਲਿਖਣਗੇ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ ਪਹਿਲੇ ਪੜਾਅ ਤਹਿਤ 500 ਆਧੁਨਿਕ ਪੰਚਾਇਤ ਘਰ ਤੇ ਸੇਵਾ ਕੇਂਦਰ ਬਣਾਏ ਜਾ ਰਹੇ ਜਿਨ੍ਹਾਂ ‘ਤੇ 125 ਕਰੋੜ ਰੁਪਏ ਦੀ ਲਾਗਤ ਆਵੇਗੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਚਾਇਤ ਘਰ ਅਤੇ ਕਾਮਨ ਸਰਵਿਸ ਸੈਂਟਰ (ਆਮ ਸੇਵਾ ਕੇਂਦਰ) ਬਣਾਉਣ ਦਾ ਪ੍ਰੋਜੈਕਟ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਕੀਤਾ ਹੈ।

ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ 2800 ਤੋਂ ਵੱਧ ਆਬਾਦੀ ਵਾਲੇ ਹਰੇਕ ਪਿੰਡ ਵਿੱਚ ਇਕ ਪੰਚਾਇਤ ਘਰ ਅਤੇ ਇਕ ਕਾਮਨ ਸਰਵਿਸ ਸੈਂਟਰ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਕ ਪੰਚਾਇਤ ਘਰ ਬਣਾਉਣ ਦੀ ਲਾਗਤ 20 ਲੱਖ ਰੁਪਏ ਅਤੇ ਇਕ ਕਾਮਨ ਸਰਵਿਸ ਸੈਂਟਰ ਦੀ ਲਾਗਤ 5 ਲੱਖ ਰੁਪਏ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਉਨ੍ਹਾਂ ਪਿੰਡਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਅਜੇ ਤੱਕ ਪੰਚਾਇਤ ਘਰ ਦੀ ਵਿਵਸਥਾ ਨਹੀਂ ਸੀ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਭਾਵੇਂ ਪੰਚਾਇਤਾਂ ਲੋਕਤੰਤਰ ਦੀ ਸਭ ਤੋਂ ਮਜ਼ਬੂਤ ਨੀਂਹ ਹਨ, ਪਰ ਬਹੁਤ ਸਾਰੀਆਂ ਪੰਚਾਇਤਾਂ ਕੋਲ ਬੈਠਣ ਲਈ ਢੁੱਕਵੀਂ ਥਾਂ ਵੀ ਨਹੀਂ ਸੀ ਪਰ ਸੇਵਾ ਕੇਂਦਰ ਤੇ ਪੰਚਾਇਤ ਘਰ ਇਸ ਕਮੀ ਨੂੰ ਦੂਰ ਕਰਨਗੇ।

ਇਸ ਪ੍ਰੋਜੈਕਟ ਤਹਿਤ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਚਾਇਤ ਘਰ ਮਹਿਜ਼ ਇਕ ਦਫਤਰ ਨਹੀਂ ਹੋਵੇਗਾ ਸਗੋਂ ਪਿੰਡਾਂ ਦੇ ਵਿਕਾਸ ਲਈ ਵਿਚਾਰ-ਚਰਚਾ ਅਤੇ ਫੈਸਲੇ ਲੈਣ ਦਾ ਮਹੱਤਵਪੂਰਨ ਕੇਂਦਰ ਹੋਵੇਗਾ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਕਾਮਨ ਸਰਵਿਸ ਸੈਂਟਰ ਪਿੰਡਾਂ ਵਿੱਚ ਡਿਜੀਟਲ ਕ੍ਰਾਂਤੀ ਦਾ ਧੁਰਾ ਬਣਨਗੇ ਜੋ ਪਿੰਡ ਵਾਸੀਆਂ ਨੂੰ ਆਨਲਾਈਨ ਸੇਵਾਵਾਂ ਲੈਣ ਵਿੱਚ ਮਦਦ ਕਰਨਗੇ।

ਪੰਚਾਇਤ ਮੰਤਰੀ ਨੇ ਦੱਸਿਆ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਸਰਕਾਰੀ ਸਕੀਮਾਂ ਲਈ ਨਾਮ ਦਰਜ ਕਰਵਾਉਣ, ਵਿੱਦਿਅਕ ਸੰਸਥਾਵਾਂ ਵਿੱਚ ਦਾਖਲਾ ਲੈਣ, ਆਧਾਰ ਕਾਰਡ ਜਾਂ ਪਾਸਪੋਰਟ ਬਣਵਾਉਣ ਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਆਨਲਾਈਨ ਹਾਸਲ ਹੁੰਦੀਆਂ ਹਨ ਜਿਸ ਕਰਕੇ ਕਾਮਨ ਸਰਵਿਸ ਸੈਂਟਰ ਲੋਕਾਂ ਦੀ ਸਹੂਲਤ ਲਈ ਵੱਡੀ ਭੂਮਿਕਾ ਨਿਭਾਉਣਗੇ। ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਕਿ ਇਹ ਪ੍ਰਾਜੈਕਟ ਪੰਚਾਇਤਾਂ ਨੂੰ ਇਕ ਥਾਂ ਜੁੜ ਕੇ ਆਪਣੇ ਫੈਸਲੇ ਲੈਣ ਦਾ ਢੁਕਵਾਂ ਪਲੇਟਫਾਰਮ ਸਾਬਤ ਹੋਣਗੇ।

Leave a Reply

Your email address will not be published. Required fields are marked *