
ਗੁਰਦਾਸਪੁਰ, 04 ਅਗਸਤ ( ) – ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਆਦਿੱਤਯ ਗੁਪਤਾ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫ਼ਰੰਸ ਹਾਲ ਵਿਖੇ ਰੋਡ ਸੇਫ਼ਟੀ ਕਮੇਟੀ ਦੀ ਮਹੀਨਾਵਾਰ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਆਦਿੱਤਯ ਗੁਪਤਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ ਅਤੇ ਜੋ ਵੀ ਸਕੂਲ ਇਸ ਪਾਲਿਸੀ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸ੍ਰੀ ਆਦਿੱਤਯ ਗੁਪਤਾ ਨੇ ਕਿਹਾ ਕਿ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਵਿੱਚ ਫੁੱਟ ਸਟੈਪ ਦੀ ਉਚਾਰੀ 220 ਮਿਲੀਮੀਟਰ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸੀ.ਸੀ.ਟੀ.ਵੀ. ਦੀ ਫੁਟੇਜ 60 ਦਿਨ ਤੱਕ ਸੰਭਾਲ ਕੇ ਰੱਖਣੀ ਜ਼ਰੂਰੀ ਹੈ, ਸਕੂਲ ਬੱਸ ਡਰਾਈਵਰ ਨੇ ਨੀਲੇ ਫਿੱਕੇ ਰੰਗ ਦੀ ਕਮੀਜ਼ ਅਤੇ ਕਾਲੇ ਰੰਗ ਦੇ ਬੂਟ ਪਾਏ ਹੋਣ, ਡਰਾਈਵਰ ਦੇ ਨਾਮ ਵਾਲੀ ਆਈ.ਡੀ. ਪਲੇਟ ਲੱਗੀ ਹੋਵੇ ਅਤੇ ਡਰਾਈਵਰ ਕੋਲ ਸਾਰੇ ਬੱਚਿਆਂ ਦੇ ਨਾਮ, ਪਤਾ, ਕਲਾਸ ਅਤੇ ਬਲੱਡ ਗਰੁੱਪ ਵਾਲੀ ਲਿਸਟ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਬੱਸ ਵਿੱਚ ਸਮਰੱਥਾ ਤੋਂ ਵੱਧ ਬੱਚੇ ਨਾ ਬਿਠਾਏ ਜਾਣ, ਸਕੂਲ ਬੱਸ ਵਿੱਚ ਅੱਗ ਬੁਝਾਉਣ ਵਾਲਾ ਯੰਤਰ ਹੋਣਾ ਜ਼ਰੂਰੀ ਹੈ।
ਸਹਾਇਕ ਕਮਿਸ਼ਨਰ ਨੇ ਕਿਹਾ ਕਿ ਸਕੂਲ ਬੱਸ ਨੂੰ ਸੁਨਹਿਰੀ ਪੀਲਾ ਰੰਗ ਜ਼ਰੂਰ ਕੀਤਾ ਹੋਵੇ ਅਤੇ ਇੱਕ ਐਮਰਜੈਂਸੀ ਤਾਕੀ ਅੱਗੇ ਅਤੇ ਇੱਕ ਪਿੱਛੇ ਜ਼ਰੂਰ ਹੋਵੇ। ਸਕੂਲ ਬੱਸ ਦੇ ਚਾਰੇ ਪਾਸੇ ਸਕੂਲ ਦਾ ਨਾਮ ਲਿਖਿਆ ਹੋਣਾ ਜ਼ਰੂਰੀ ਹੈ। ਸਕੂਲ ਬੱਸ ਡਰਾਈਵਰ ਕੋਲ ਘੱਟੋ-ਘੱਟ 5 ਸਾਲ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ, ਸਕੂਲ ਬੱਸ ਵਿੱਚ ਬੱਚਿਆਂ ਦੇ ਬੈਗ ਰੱਖਣ ਲਈ ਸੀਟ ਹੇਠਾਂ ਰੈਕ ਹੋਣਾ ਚਾਹੀਦਾ ਹੈ। ਸਕੂਲ ਬੱਸ ਵਿੱਚ ਫ਼ਸਟ ਏਡ ਬਾਕਸ ਹੋਣਾ ਲਾਜ਼ਮੀ ਹੈ। ਸਕੂਲ ਬੱਸ ਦੀਆਂ ਤਾਕੀਆਂ ਦੇ ਲਾਕ ਠੀਕ ਹੋਣੇ ਚਾਹੀਦੇ ਹਨ। ਸਕੂਲ ਬੱਸ ਵਿੱਚ ਜੀ.ਪੀ.ਐੱਸ ਸਿਸਟਮ ਲੱਗਾ ਹੋਣਾ ਜ਼ਰੂਰੀ ਹੈ, ਬੱਸ ਵਿੱਚ ਸਪੀਡ ਗਵਰਨਰ ਲੱਗਾ ਹੋਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸਕੂਲ ਬੱਸ ਦੇ ਬਾਹਰ ਗਰਿਲ ਲੱਗੀ ਹੋਣੀ ਚਾਹੀਦੀ ਹੈ ਅਤੇ ਸਕੂਲ ਬੱਸ ਵਿੱਚ ਲੇਡੀਜ਼ ਕੰਡਕਟਰ ਹੋਣੀ ਜ਼ਰੂਰੀ ਹੈ। ਜੇਕਰ ਕੋਈ ਸਕੂਲ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਸਕੂਲ ਮੁਖੀ ਅਤੇ ਡਰਾਈਵਰ ’ਤੇ ਨਿਯਮਾਂ ਨੂੰ ਨਾ ਮੰਨਣ ’ਤੇ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਉੱਪਰ ਇਹ ਸੇਫ਼ ਸਕੂਲ ਵਾਹਨ ਪਾਲਿਸੀ ਲਾਗੂ ਹੋਵੇਗੀ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ/ਸਕੂਲਾਂ ਮੁਖੀਆਂ ਉੱਪਰ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਖੇਤਰੀ ਟਰਾਂਸਪੋਰਟ ਅਫ਼ਸਰ ਮੈਡਮ ਨਵਜੋਤ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੇਫ਼ ਸਕੂਲ ਵਾਹਨ ਸਕੀਮ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਪੁਲਿਸ, ਸਿੱਖਿਆ ਅਤੇ ਬਾਲ ਭਲਾਈ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ਵਿੱਚ ਸਕੂਲੀ ਵਾਹਨਾਂ ਦੀ ਜਾਂਚ ਲਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਜਾ ਰਹੇ ਹਨ।