ਪੀਏਯੂ-ਐਫਏਓ ਸਾਂਝੀਵਾਲਤਾ ਪ੍ਰੋਜੈਕਟ ਅਧੀਨ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ

ਭਵਾਨੀਗੜ੍ਹ, 10 ਜੁਲਾਈ (000) –
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (ਐਫ ਏ ਓ) ਦੇ ਸਹਿਯੋਗ ਨਾਲ ਜੀਈਐਫ 7 ਪ੍ਰੋਜੈਕਟ ਅਧੀਨ ਚੁਣੇ ਹੋਏ ਬਲਾਕ ਭਵਾਨੀਗੜ੍ਹ ਦੇ ਪਿੰਡ ਕਾਕੜਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਜਿਸ ਵਿੱਚ ਲਗਭਗ 40 ਕਿਸਾਨਾਂ ਨੇ ਭਾਗ ਲਿਆ।

ਇਸ ਮੌਕੇ ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਜਿਸ ਵਿੱਚ ਉਹਨਾਂ ਨਦੀਨਾਂ ਦੀ ਸਹੀ ਪਛਾਣ ਅਤੇ ਢੁਕਵੇਂ ਨਦੀਨਨਾਸ਼ਕਾਂ ਦਾ ਸਹੀ ਸਮੇਂ ਅਤੇ ਸਹੀ ਤਕਨੀਕ ਨਾਲ ਛਿੜਕਾਅ ਕਰਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਹਨਾਂ ਝੋਨੇ ਵਿੱਚ ਲਘੂ ਤੱਤਾਂ ਦੀ ਕਮੀ ਦੇ ਲੱਛਣਾਂ ਅਤੇ ਇਲਾਜ ਬਾਰੇ ਵੀ ਚਰਚਾ ਕੀਤੀ।

ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਨੇ ਕਿਸਾਨਾਂ ਨੂੰ ਝੋਨੇ ਦੀ ਮੈਟ ਟਾਈਪ ਨਰਸਰੀ ਅਤੇ ਮਸ਼ੀਨੀ ਲਵਾਈ ਨੂੰ ਸਫਲ ਬਣਾਉਣ ਲਈ ਜ਼ਰੂਰੀ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ। ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਝੋਨੇ-ਕਣਕ ਦੇ ਫ਼ਸਲੀ ਚੱਕਰ ਵਿੱਚ ਟਿਕਾਊ ਖੇਤੀ ਅਭਿਆਸਾਂ ਬਾਰੇ ਜਾਣੂੰ ਕਰਵਾਇਆ। ਉਹਨਾਂ ਝੋਨੇ ਵਿੱਚ ਪਾਣੀ ਦੀ ਬੱਚਤ ਕਰਨ ਸਬੰਧੀ ਵੀ ਸੁਝਾਅ ਸਾਂਝੇ ਕੀਤੇ। ਉਹਨਾਂ ਝੋਨੇ ਦੀ ਪੀ ਆਰ 126 ਕਿਸਮ ਦੇ ਸਹੀ ਮੰਡੀਕਰਨ ਲਈ ਇਸ ਦੀ ਲਵਾਈ 15 ਜੁਲਾਈ ਤੱਕ ਪੂਰੀ ਕਰਨ ਲਈ ਵੀ ਆਖਿਆ।

ਕੈਂਪ ਦੌਰਾਨ ਕਿਸਾਨਾਂ ਵੱਲੋਂ ਖਾਦ ਅਤੇ ਨਦੀਨ ਪ੍ਰਬੰਧਨ ਬਾਰੇ ਪੁੱਛੇ ਸਵਾਲਾਂ ਦੇ ਤਸੱਲੀਬਖ਼ਸ਼ ਤਰੀਕੇ ਨਾਲ ਜਵਾਬ ਦਿੱਤੇ ਗਏ। ਅਖੀਰ ਵਿੱਚ ਅਗਾਂਹਵਧੂ ਕਿਸਾਨ ਸ. ਦਰਬਾਰਾ ਸਿੰਘ ਦੇ ਖੇਤ ਵਿੱਚ ਲਗਾਈ ਗਈ ਝੋਨੇ ਦੀ ਪੀ ਆਰ 131 ਕਿਸਮ ਦੀ ਸਿੱਧੀ ਬਿਜਾਈ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਗਿਆ ਅਤੇ ਮੌਕੇ ‘ਤੇ ਹੀ ਝੋਨੇ ਵਿੱਚ ਨਦੀਨਾਂ ਦੀ ਪਹਿਚਾਣ ਕਾਰਵਾਈ ਗਈ। ਕੈਂਪ ਵਿੱਚ ਹਾਜ਼ਰ ਸਮੂਹ ਕਿਸਾਨਾਂ ਨੂੰ ਸਾਉਣੀ 2025 ਦੀਆਂ ਕਿਤਾਬਾਂ ਵੰਡੀਆਂ ਗਈਆਂ।

Leave a Reply

Your email address will not be published. Required fields are marked *