ਸੰਗਰੂਰ ਜ਼ਿਲ੍ਹੇ ਦੇ 49 ਪੁਲਿਸ ਮੁਲਾਜ਼ਮਾਂ ਨੂੰ ਡੀ.ਜੀ.ਪੀ. ਡਿਸਕ, 2 ਨੂੰ ਪ੍ਰਸੰਸਾ ਪੱਤਰ, 233 ਨੂੰ ਸੀਸੀ-1 ਸਰਟੀਫਿਕੇਟ ਅਤੇ 3,49,500 ਰੁਪਏ ਦੇ ਨਗਦ ਇਨਾਮ ਪ੍ਰਦਾਨ

ਸੰਗਰੂਰ, 8 ਦਸੰਬਰ:-ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਗੌਰਵ ਯਾਦਵ ਨੇ ਸੰਗਰੂਰ ਜ਼ਿਲ੍ਹੇ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ 49 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਲਾਘਾਯੋਗ ਕੰਮ ਕਰਨ ਬਦਲੇ ਡੀ.ਜੀ.ਪੀ. ਡਿਸਕ ਪ੍ਰਦਾਨ ਕੀਤੀ ਹਨ, ਜਿਨ੍ਹਾਂ ਨੂੰ ਅੱਜ ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ ਨੇ ਪੁਲਿਸ ਲਾਈਨ ਸੰਗਰੂਰ ਵਿਖੇ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡੀ.ਜੀ.ਪੀ. ਡਿਸਕ ਲਗਾ ਕੇ ਸਨਮਾਨਿਤ ਕੀਤਾ। ਇਸ ਮੌਕੇ 2 ਪ੍ਰਸੰਸਾ ਪੱਤਰ 233 ਸੀਸੀ-1 ਸਰਟੀਫਿਕੇਟ ਅਤੇ 3 ਲੱਖ 49 ਹਜ਼ਾਰ 500 ਰੁਪਏ ਦੀ ਇਨਾਮ ਰਾਸ਼ੀ ਵੀ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਦਾਨ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਪੰਜਾਬ ਪੁਲਿਸ ਦੇਸ਼ ਦੀਆਂ ਸਰਵੋਤਮ ਪੁਲਿਸ ਫੋਰਸਾਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਹਰੇਕ ਸੰਕਟ ਦੀ ਸਥਿਤੀ ਨੂੰ ਬਾਖ਼ੂਬੀ ਕੰਮ ਕੀਤਾ ਹੈ ਤੇ ਹੁਣ ਸਾਡੇ ਸਾਹਮਣੇ ਨਸ਼ਿਆਂ ਦੇ ਖ਼ਾਤਮੇ ਦੀ ਚੁਨੌਤੀ ਹੈ, ਜਿਸ ਦੇ ਖ਼ਾਤਮੇ ਲਈ ਪੰਜਾਬ ਪੁਲਿਸ ਵੱਲੋਂ ਵੱਡੀ ਮੁਹਿੰਮ ਅਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਪੁਲਿਸ ਵਿਭਾਗ ਦਾ ਹਰੇਕ ਅਧਿਕਾਰੀ ਤੇ ਕਰਮਚਾਰੀ ਆਪਣਾ 100 ਫ਼ੀਸਦੀ ਯੋਗਦਾਨ ਪਾਵੇ, ਤਾਂ ਜੋ ਇਸ ਅਲਾਮਤ ਨੂੰ ਅਸੀਂ ਸੂਬੇ ਵਿਚੋਂ ਜੜ੍ਹ ਤੋਂ ਖ਼ਤਮ ਕਰ ਸਕੀਏ।

ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ ਨੇ ਡੀ.ਜੀ.ਪੀ. ਡਿਸਕ, ਪ੍ਰਸੰਸਾ ਪੱਤਰ, ਸੀਸੀ-1 ਸਰਟੀਫਿਕੇਟ ਅਤੇ ਨਗਦ ਇਨਾਮ ਪ੍ਰਾਪਤ ਕਰਨ ਵਾਲੇ ਸੰਗਰੂਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਹੌਸਲਾ ਅਫ਼ਜ਼ਾਈ ਹੋਰਨਾ ਪੁਲਿਸ ਮੁਲਾਜ਼ਮਾਂ ਨੂੰ ਵੀ ਹੋਰ ਬਿਹਤਰ ਕੰਮ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਪੁਲਿਸ ਫੋਰਸ ਪਾਸੋਂ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਚੰਗੀ ਤਰ੍ਹਾਂ ਕੰਮ ਲਿਆ ਜਾ ਰਿਹਾ ਹੈ, ਜੋ ਕਿ ਸਲਾਹੁਣਯੋਗ ਹੈ।

ਇਸ ਮੌਕੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਜ਼ਿਲ੍ਹਾ ਪੁਲਿਸ ਸੰਗਰੂਰ ਦੀ ਕਾਰਗੁਜ਼ਾਰੀ ਰਿਪੋਰਟ ਦਿੰਦਿਆਂ ਕਿਹਾ ਕਿ ਸੰਗਰੂਰ ਪੁਲਿਸ ਨੇ 22 ਨਵੰਬਰ 2023 ਤੋਂ ਹੁਣ ਤੱਕ ਐਨ.ਡੀ.ਪੀ.ਐਸ. ਐਕਟ ਤਹਿਤ 23 ਸਮਗਲਰਾਂ ਦੀ ਕੁਲ 3 ਕਰੋੜ 93 ਲੱਖ 60 ਹਜ਼ਾਰ ਰੁਪਏ ਦੀ ਮੁੱਲ ਦੀ ਪ੍ਰਾਪਰਟੀ ਫਰੀਜ ਕਰਵਾਈ ਹੈ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਵੱਡੇ ਪੱਧਰ ’ਤੇ ਨਸ਼ਾ ਤਸਕਰਾਂ ਨੂੰ ਫੜਨ ਸਮੇਤ ਨਸ਼ਿਆਂ ਦਾ ਸਪਲਾਈ ਲਾਈਨ ਨੂੰ ਤੋੜਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਬਿਹਤਰੀਨ ਕੰਮ ਕੀਤਾ ਗਿਆ ਹੈ, ਉਨ੍ਹਾਂ ਨੂੰ ਪਹਿਲਾ ਵੀ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ ਤੇ ਅੱਜ ਵੀ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕੀਤਾ ਜਾਵੇਗਾ।
ਸਮਾਗਮ ਦੌਰਾਨ ਮੰਚ ਸੰਚਾਲਨ ਡੀ.ਐਸ.ਪੀ. ਸੁਖਦੇਵ ਸਿੰਘ ਵੱਲੋਂ ਕੀਤਾ ਗਿਆ। ‌ਇਸ ਮੌਕੇ ਐਸ.ਪੀ. ਨਵਰੀਤ ਸਿੰਘ ਵਿਰਕ, ਐਸ.ਪੀ. ਰਾਜੇਸ਼ ਛਿੱਬਰ ਸਮੇਤ ਜ਼ਿਲ੍ਹੇ ਦੇ ਸਮੂਹ ਡੀ.ਐਸ.ਪੀ ਤੇ ਐਸ.ਐਚ.ਓ ਮੌਜੂਦ ਸਨ।

Leave a Reply

Your email address will not be published. Required fields are marked *