ਜ਼ਿਲ੍ਹਾ ਬਰਨਾਲਾ ਵਿੱਚ 3 ਹੋਰ ਆਮ ਆਦਮੀ ਕਲੀਨਿਕ ਸ਼ੁਰੂ, ਕੁੱਲ ਗਿਣਤੀ 17 ਹੋਈ: ਮੀਤ ਹੇਅਰ

ਬਰਨਾਲਾ, 28 ਮਾਰਚ-    ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਿਹਤ ਖੇਤਰ ਵਿਚ ਕ੍ਰਾਂਤੀਕਾਰੀ ਕਦਮ ਚੁੱਕੇ ਜਾ ਰਹੇ ਹਨ ਜਿਸ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਵਿੱਚ 3 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ।

      ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤਾ ਗਿਆ। ਓਹਨਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਸੂਬੇ ਭਰ ਵਿਚ 109 ਆਮ ਆਦਮੀ ਕਲੀਨਿਕਾਂ ਦਾ ਵਰਚੁਅਲ ਉਦਘਾਟਨ ਕੀਤਾ ਗਿਆ ਹੈ ਜਿਸ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਵਿੱਚ 3 ਨਵੇਂ ਆਮ ਆਦਮੀ ਕਲੀਨਿਕਾਂ ਕੋਰਟ ਕੰਪਲੈਕਸ ਬਰਨਾਲਾ, ਖੱਟੜ ਪੱਤੀ ਪਾਰਕ, ਤਪਾ ਅਤੇ ਸੀ ਐੱਸ ਸੀ ਭਦੌੜ ਦਾ ਉਦਘਾਟਨ ਕੀਤਾ ਗਿਆ ਹੈ।

  ਓਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਬਰਨਾਲਾ ਵਿੱਚ 14 ਆਮ ਆਦਮੀ ਕਲੀਨਿਕਾਂ/ ਆਯੂਸ਼ਮਾਨ ਅਰੋਗਿਆ ਕੇਂਦਰਾਂ ਰਾਹੀਂ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ ਅਤੇ ਹੁਣ 3 ਨਵੇਂ ਕਲੀਨਿਕ ਖੁੱਲਣ ਨਾਲ ਇਹ ਗਿਣਤੀ 17 ਹੋ ਗਈ ਹੈ। 

ਇਸ ਤੋਂ ਪਹਿਲਾਂ ਚਿੰਟੂ ਪਾਰਕ ਬਰਨਾਲਾ, ਹੰਡਿਆਇਆ, ਭਦੌੜ, ਉੱਗੋਕੇ, ਚੁਹਾਨਕੇ ਖੁਰਦ, ਭੈਣੀ ਫੱਤਾ, ਭੱਠਲਾਂ, ਗਹਿਲਾਂ, ਰੂੜੇਕੇ ਕਲਾਂ, ਹਮੀਦੀ, ਢਿਲਵਾਂ, ਸਹਿਣਾ, ਛਾਪਾ, ਠੀਕਰੀਵਾਲ ਵਿੱਚ ਚੱਲ ਰਹੇ ਹਨ। ਇਹ ਕਲੀਨਿਕ ਸ਼ੁਰੂ ਹੋਣ ਤੋਂ ਫਰਵਰੀ ਅੰਤ ਤੱਕ ਕਰੀਬ 6,52,296 ਮਰੀਜ਼ ਮੁਫ਼ਤ ਇਲਾਜ ਕਰਵਾ ਚੁੱਕੇ ਹਨ, ਜਦਕਿ 4,25,609 ਨੂੰ ਮੁਫ਼ਤ ਟੈਸਟਾਂ ਦੀ ਸਹੂਲਤ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਅੱਜ ਕੋਰਟ ਕੰਪਲੈਕਸ ਬਰਨਾਲਾ ਵਿੱਚ ਆਮ ਆਦਮੀ ਕਲੀਨਿਕ ਦੇ ਉਦਘਾਟਨ ਮੌਕੇ ਹਲਕਾ ਇੰਚਾਰਜ ਸ. ਹਰਿੰਦਰ ਸਿੰਘ ਧਾਲੀਵਾਲ, ਸਿਵਲ ਸਰਜਨ ਡਾ. ਹਰੀਪਾਲ ਸਿੰਘ, ਐੱਸ ਐਮ ਓ ਡਾ. ਇੰਦੂ, ਜ਼ਿਲ੍ਹਾ ਟੀਕਾਕਰਨ ਅਫ਼ਸਰ ਹਰਜੀਤ ਸਿੰਘ ਮੌਜੂਦ ਸਨ। ਤਪਾ ਵਿੱਚ ਉਦਘਾਟਨ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਤਪਾ ਤਰਸੇਮ ਸਿੰਘ ਕਹਨੇਕੇ ਅਤੇ ਐੱਸ ਐਮ ਓ ਤਪਾ ਡਾ. ਕੰਵਲਜੀਤ ਸਿੰਘ ਬਾਜਵਾ ਮੌਜੂਦ ਸਨ। ਭਦੌੜ ਵਿਚ ਉਦਘਾਟਨ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਭਦੌੜ ਗੁਰਪ੍ਰੀਤ ਸਿੰਘ ਅੰਮ੍ਰਿਤ ਢਿੱਲਵਾਂ ਅਤੇ ਐੱਸ ਐਮ ਓ ਭਦੌੜ ਡਾ. ਬਾਂਕੇ ਬਿਹਾਰੀ ਮੌਜੂਦ ਸਨ।

Leave a Reply

Your email address will not be published. Required fields are marked *