ਸ੍ਰੀ ਅਨੰਦਪੁਰ ਸਾਹਿਬ 28 ਨਵੰਬਰ: ਪੇਂਡੂ ਖੇਤਰਾਂ ਵਿੱਚ ਸਿੰਚਾਈ ਦੀ ਕਮੀ ਅਤੇ ਖੇਤੀਬਾੜੀ ਨੂੰ ਹੋ ਰਹੇ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਸਰਕਾਰ ਵੱਲੋਂ ਹਲਕੇ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਰਾਮਪੁਰ ਜੱਜਰ ਵਿਖੇ ਲਿਫਟ ਇਰੀਗੇਸ਼ਨ ਯੋਜਨਾ ਦੀ ਸੁਰੂਆਤ ਕਰਨ ਮੌਕੇ ਦੱਸਿਆ ਕਿ 11.22 ਕਰੋੜ ਰੁਪਏ ਦੀ ਲਾਗਤ ਨਾਲ ਰਾਮਪੁਰ ਜੱਜਰ, ਲੰਮਲੈਹੜੀ, ਬਣੀ ਅਤੇ ਗੰਗੂਵਾਲ ਖੇਤਰਾਂ ਵਿੱਚ 410 ਏਕੜ ਜ਼ਮੀਨ ਨੂੰ ਸਿੰਚਾਈ ਸਹੂਲਤਾਂ ਮਿਲਣ ਜਾ ਰਹੀਆਂ ਹਨ, ਜਿਸ ਨਾਲ ਸਥਾਨਕ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ।
ਉਹਨਾਂ ਕਿਹਾ ਕਿ ਇਸ ਖੇਤਰ ਦੇ ਕਿਸਾਨ ਲੰਮੇ ਸਮੇਂ ਤੋਂ ਸਿੰਚਾਈ ਸੁਵਿਧਾਵਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਸਨ, ਜਿਸ ਕਾਰਨ ਹਲਕੇ ਦੇ ਲਗਭਗ 5 ਹਜ਼ਾਰ ਏਕੜ ਖੇਤੀਬਾੜੀ ਵਾਲੀ ਜ਼ਮੀਨ ਸਿੰਚਾਈ ਤੋ ਸੱਖਣੀ ਪੈ ਰਹੀ ਸੀ। ਪਾਣੀ ਦੀ ਕਮੀ ਕਾਰਨ ਕਿਸਾਨਾਂ ਲਈ ਫ਼ਸਲਾਂ ਦੀ ਬਿਜਾਈ ਤੇ ਉਤਪਾਦਨ ਦੋਵਾਂ ਵਿੱਚ ਵੱਡੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ ਸਨ। ਇਸ ਕਾਰਨ ਕਈ ਕਿਸਾਨ ਤਬਦੀਲੀ ਵੱਲ ਜਾਂ ਘੱਟ ਆਮਦਨ ਨਾਲ ਜੂਝ ਰਹੇ ਸਨ।
ਸ. ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਉਣਾ ਅਤੇ ਖੇਤੀਬਾੜੀ ਦੇ ਮਜ਼ਬੂਤ ਢਾਂਚੇ ਨੂੰ ਹੋਰ ਸੁਧਾਰਨਾਂ ਹੈ। ਇਸ ਪ੍ਰੋਜੈਕਟ ਅਧੀਨ ਪਾਣੀ ਦੀ ਸਹੀ ਵੰਡ ਯਕੀਨੀ ਬਣਾਉਣ ਲਈ ਨਵੇਂ ਚੈਨਲ, ਪਾਈਪਲਾਈਨ ਅਤੇ ਲੋੜੀਂਦੇ ਤਕਨੀਕੀ ਕੰਮ ਕੀਤੇ ਜਾਣਗੇ। ਇਸ ਨਾਲ ਨਾ ਸਿਰਫ਼ ਪਾਣੀ ਦੀ ਬਚਤ ਹੋਵੇਗੀ, ਸਗੋਂ ਖੇਤਰ ਵਿੱਚ ਖੇਤੀ ਉਤਪਾਦਨ ਵਿੱਚ ਵੀ ਲਾਹੇਵੰਦਾ ਵਾਧਾ ਹੋਵੇਗਾ।
ਉਹਨਾਂ ਦੱਸਿਆ ਕਿ ਸਰਕਾਰ ਖੇਤੀਬਾੜੀ ਦੇ ਵਿਕਾਸ ਨੂੰ ਆਪਣੀ ਪ੍ਰਾਥਮਿਕਤਾਵਾਂ ਦੀ ਸੂਚੀ ਵਿੱਚ ਸਿਖਰ ਤੇ ਰੱਖ ਰਹੀ ਹੈ। ਇਸੇ ਤਹਿਤ ਵੱਖ-ਵੱਖ ਪਿੰਡਾਂ ਵਿੱਚ ਸਿੰਚਾਈ, ਜਲ ਸਪਲਾਈ ਅਤੇ ਡਰੇਨੇਜ ਨਾਲ ਸੰਬੰਧਤ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ, ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਪਾਣੀ ਮਿਲ ਸਕੇ।
ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਹਲਕੇ ਦੇ ਕਿਸਾਨਾਂ ਨਾਲ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਤਰਜੀਹ ਦੇ ਅਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦੀ ਪੂਰਤੀ ਨਾਲ ਸਥਾਨਕ ਕਿਸਾਨਾਂ ਲਈ ਇੱਕ ਨਵੀਂ ਉਮੀਦ ਜਨਮ ਲਵੇਗੀ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਸਥਿਰਤਾ ਆਵੇਗੀ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਨਵੇਂ ਪ੍ਰੋਜੈਕਟ ਲਿਆਉਣਾ ਨਹੀਂ, ਸਗੋਂ ਉਨ੍ਹਾਂ ਦੀ ਗੁਣਵੱਤਾ ਅਤੇ ਸਮੇਂ ਸਿਰ ਪੂਰਤੀ ਨੂੰ ਯਕੀਨੀ ਬਣਾਉਣਾ ਵੀ ਹੈ, ਤਾਂ ਜੋ ਹਲਕੇ ਦੇ ਕਿਸਾਨਾਂ ਨੂੰ ਅਸਲ ਲਾਭ ਮਿਲੇ ਅਤੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ।
ਇਸ ਮੋਕੇ ਸੂਬੇਦਾਰ ਰਾਜਪਾਲ ਬਲਾਕ ਪ੍ਰਧਾਨ,ਨੰਬਰਦਾਰ ਗੁਰਚਰਨ ਸਿੰਘ, ਗੁਰਮੁਲ ਚੰਦ ਸਰਪੰਚ, ਦੇਸ਼ ਰਾਜ ਸਰਪੰਚ, ਮਦਨ ਸ਼ਰਮਾ,ਪ੍ਰਕਾਸ਼ ਚੰਦ, ਜਗਤਾਰ ਸਿੰਘ ਸਰਪੰਚ,ਸ਼ਮਸ਼ੇਰ ਲਖੇੜ, ਮੋਹਨ ਲਾਲ ਮੋਹੀਵਾਲ,, ਬਲਵਿੰਦਰ ਸਿੰਘ ਸਰਪੰਚ, ਰਾਮਪਾਲ ਮੈਂਬਰ, ਦਵਿੰਦਰ ਸਿੰਘ ਸਰਪੰਚ, ਸੁਖਦੇਵ ਪਹਾੜਪੁਰ, ਸੁੱਚਾ ਸਿੰਘ ਸਿੰਮਰਵਾਲ, ਸੁਖਦੇਵ ਸਿੰਮਰਵਾਲ ,ਦਿਲਬਾਗ ਰਾਏਪੁਰ, ਸਤੀਸ਼ ਥੱਪਲ, ਇੰਦਰਪਾਲ, ਕੇਸਰ ਸਿੰਘ, ਬੁੱਧ ਸਿੰਘ, ਰਸਵਿੰਦਰ ਸਿੰਘ, ਸ਼ੰਮੀ ਬਰਾਰੀ,ਐਕਸੀਅਨ ਦਮਨਦੀਪ ਸਿੰਘ,ਐਸਡੀਓ ਜਸਪ੍ਰੀਤ ਸਿੰਘ,ਜੇ ਈ ਬਿਕਰਮ ਸਿੰਘ, ਜੇ ਈ ਵੀਰਇੰਦਰ ਸਿੰਘ,ਦਿਲਬਾਗ ਸਿੰਘ, ਗੁਰਦੇਵ ਸਿੰਘ ਪਟਵਾਰੀ ਹਾਜ਼ਰ ਸਨ।
