ਬਰੇਟਾ/ਮਾਨਸਾ, 19 ਨਵੰਬਰ:
ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਦੀਆਂ ਹਦਾਇਤਾਂ ‘ਤੇ ਜਿੱਥੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜ ਕੇ ਬਦਲਵੀਆਂ ਤਕਨੀਕਾਂ ਰਾਹੀਂ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਨਿੱਜੀ ਤੌਰ ‘ਤੇ ਵੀ ਪਿੰਡਾਂ ਵਿਚ ਪਹੁੰਚ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਖੇਤੀਬਾੜੀ ਅਧਿਕਾਰੀਆਂ ਨੂੰ ਕਿਸਾਨਾਂ ਦਾ ਪਰਾਲੀ ਪ੍ਰਬੰਧਨ ਵਿਚ ਸਹਿਯੋਗ ਕਰਨ ਦੀ ਹਦਾਇਤ ਵੀ ਕੀਤੀ ਗਈ।
ਜਾਗਰੂਕਤਾ ਅਭਿਆਨ ਦੇ ਮੱਦੇਨਜ਼ਰ ਕਿਸਾਨਾਂ ਵਿਚ ਪਰਾਲੀ ਨੂੰ ਸਾੜਨ ਦਾ ਰੁਝਾਨ ਘਟਿਆ ਹੈ ਅਤੇ ਬਹੁਤ ਸਾਰੇ ਕਿਸਾਨ ਬਦਲਵੀਆਂ ਤਕਨੀਕਾਂ ਰਾਹੀਂ ਪਰਾਲੀ ਦਾ ਪ੍ਰਬੰਧਨ ਕਰਨ ਲੱਗੇ ਹਨ। ਇਸੇ ਤਰ੍ਹਾਂ ਦੀ ਮਿਸਾਲ ਹੈ ਬਰੇਟਾ ਦਾ ਕਿਸਾਨ ਨਵਜੀਤ ਸਿੰਘ ਜਿਸ ਨੇ ਮਲਚਿੰਗ ਵਿਧੀ ਰਾਹੀਂ ਆਪਣੀ 10 ਕਿੱਲਿਆਂ ਦੀ ਜ਼ਮੀਨ ਵਿਚ ਕਣਕ ਦੀ ਬਿਜਾਈ ਕੀਤੀ ਹੈ। ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਵੱਲੋਂ ਕਿਸਾਨ ਦੇ ਖੇਤ ਦਾ ਦੌਰਾ ਕੀਤਾ ਗਿਆ।
ਕਿਸਾਨ ਨਵਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਪਿਛਲੇ ਸਾਲ ਇਕ ਕਿੱਲਾ ਜ਼ਮੀਨ ਵਿਚ ਤਜ਼ੁਰਬਾ ਕਰਦਿਆਂ ਕੰਬਾਇਨ ਚਲਾ ਕੇ ਖੇਤ ਵਿਚ ਕਣਕ ਦਾ ਛਿੱਟਾ ਦਿੱਤਾ, ਫੇਰ ਜ਼ਮੀਨ ਤੋਂ ਇਕ ਗਿੱਠ ਛੱਡ ਕੇ ਕਰਚੇ ਵੱਢਣ ਉਪਰੰਤ ਪਾਣੀ ਲਗਾਇਆ ਅਤੇ ਕੁੱਝ ਦਿਨਾਂ ਵਿਚ ਕਣਕ ਹਰੀ ਹੋਣ ਲੱਗੀ।
ਕਿਸਾਨ ਨੇ ਦੱਸਿਆ ਕਿ ਇਸ ਵਿਧੀ ਦੀ ਕਾਮਯਾਬੀ ਨਾਲ ਇਸ ਵਾਰ 10 ਕਿੱਲਿਆਂ ਵਿਚ ਕਣਕ ਦੀ ਬਿਜਾਈ ਕੀਤੀ ਹੈ ਜਿਸ ‘ਤੇ ਬਹੁਤ ਘੱਟ ਖਰਚਾ ਆਇਆ ਹੈ ਅਤੇ ਇਸ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ।
*ਬਾਕਸ ਲਈ ਪ੍ਰਸਤਾਵਿਤ*
ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਅਗਾਂਹਵਧੂ ਕਿਸਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨ ਵੱਲੋਂ ਪਰਾਲੀ ਪ੍ਰਬੰਧਨ ਲਈ ਅਪਣਾਈਆਂ ਜਾ ਰਹੀਆਂ ਬਦਲਵੀਆਂ ਤਕਨੀਕਾਂ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਿਚ ਜਾਗਰੂਕਤਾ ਪੈਦਾ ਹੋ ਰਹੀ ਹੈ ਅਤੇ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਪਬ੍ਰੰਧਨ ਲਈ ਕਿਸਾਨਾਂ ਦਾ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਪਰਾਲੀ ਸਾੜਨ ਦਾ ਰੁਝਾਨ ਘਟਿਆ ਹੈ।
